ਚੰਡੀਗੜ੍ਹ, 9 ਸਤੰਬਰ (ਦਲਜੀਤ ਸਿੰਘ)- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਿੱਲ਼ਜੁਲ ਸ਼ੁਰੂ ਹੋ ਗਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਨੇ 10 ਸਤੰਬਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਈ ਹੈ ਪਰ ਭਾਜਪਾ ਨੂੰ ਨਹੀਂ ਸੱਦਿਆ ਗਿਆ। ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਏਗੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਵਿਰੁੱਧ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਸੁਖਬੀਰ ਬਾਦਲ ਨੇ ਇਹ ਪ੍ਰੋਗਰਾਮ ਹਫਤੇ ਲਈ ਟਾਲ ਦਿੱਤਾ ਸੀ ਤੇ ਕਿਸਾਨ ਜਥੇਬੰਦੀਆਂ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ। ਸੁਖਬੀਰ ਬਾਦਲ ਦਾ ਇਹ ਪ੍ਰੋਗਰਾਮ 10 ਸਤੰਬਰ ਤੋਂ ਦੁਬਾਰਾ ਸ਼ੁਰੂ ਹੋਣਾ ਹੈ।
ਇਸ ਲਈ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਵਿੱਚ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਇਹ ਐਲਾਨ ਦਿੱਲੀ ਦੀ ਸਿੰਘੂ ਸਰਹੱਦ ‘ਤੇ 32 ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਕੁਲਵੰਤ ਸਿੰਘ ਸੰਧੂ, ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਲਈ ਹਾਲੇ ਸਮਾਂ ਬਾਕੀ ਹੈ। ਸਿਆਸੀ ਪਾਰਟੀਆਂ ਪਿਛਲੇ ਸਮੇਂ ਵਿੱਚ ਵੀ ਪ੍ਰਚਾਰ ਕਰਦੀਆਂ ਰਹੀਆਂ ਹਨ। ਪਰ ਇਹ ਨਹੀਂ ਪਤਾ ਕਿ ਇਸ ਵਾਰ ਰਾਜਨੀਤਕ ਪਾਰਟੀਆਂ ਕਾਹਲੀ ਕਿਉਂ ਕਰ ਰਹੀਆਂ ਹਨ ਜਦੋਂ ਉਹ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਕਿਸਾਨ ਦਿੱਲੀ ਦੀ ਸਰਹੱਦ ‘ਤੇ ਲੜ ਰਹੇ ਹਨ।
ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਜਨ ਸਭਾਵਾਂ ਕਾਰਨ ਪਿੰਡਾਂ ਵਿੱਚ ਫੁੱਟ ਪੈ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 10 ਤਰੀਕ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਦੇ ਮੈਂਬਰ ਪਹੁੰਚ ਰਹੇ ਹਨ।
ਮੀਟਿੰਗ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਛੱਡ ਕੇ, ਹੋਰ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਜਾਂ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ, ਸਾਰੀਆਂ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਜਦੋਂ ਤੱਕ ਚੋਣ ਕਮਿਸ਼ਨ ਵੋਟਿੰਗ ਦਾ ਐਲਾਨ ਨਹੀਂ ਕਰਦਾ ਉਦੋਂ ਤੱਕ ਚੋਣ ਪ੍ਰਚਾਰ ਨਾ ਕਰੇ।