ਰਈਆ, ਸ਼ੁੱਕਰਵਾਰ ਤੜਕਸਾਰ 5:30 ਵਜੇ ਐੱਨਆਈਏ ਦੀਆਂ ਵੱਖ-ਵੱਖ ਟੀਮਾਂ ਵਲੋ ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਬੁਤਾਲਾ, ਜਲੰਧਰ ਖੇੜਾ ਅਤੇ ਕਸਬਾ ਰਈਆ ਫੇਰੂ ਮਾਨ ਰੋਡ ਤੇ ਛਾਪਾਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਜਾਂਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਅਤੇ ਚਾਰ ਦੀਵਾਰੀ ਤੇ ਖ਼ਾਲਿਸਤਾਨ ਝੰਡੇ ਬੰਨੇ ਕੇ ਇਮਾਰਤ ਅੰਦਰ ਗਰਨੇਡ ਸੁੱਟਣ ਸਬੰਧੀ ਦਰਜ ਹੋਈ ਇਕ ਐਫਆਈਆਰ ਸਬੰਧੀ ਕੀਤੀ ਜਾ ਰਹੀ ਹੈ।
ਐੱਨਆਈਏ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਣਵਈਏ ਅਮਰਜੋਤ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਬੁਤਾਲਾ ਅਤੇ ਰਿਸ਼ਤੇਦਾਰੀ ਵਿਚ ਲੱਗਦੇ ਚਾਚਾ ਪ੍ਰਗਟ ਸਿੰਘ ਜਲੂ ਪੁਰ ਖੇੜਾ ਦੇ ਘਰ ਛਾਪਾ ਮਾਰਿਆ ਗਿਆ। ਕੈਨੇਡਾ ਰਹਿੰਦੇ ਅਮਰਜੋਤ ਸਿੰਘ ਦੇ ਜੱਦੀ ਘਰ ਪਿੰਡ ਬੁਤਾਲਾ ਵਿਚ ਮਾਰੇ ਛਾਪੇ ਦੌਰਾਨ ਉਸ ਦੀ ਭਰਜਾਈ ਘਰ ਵਿਚ ਹੀ ਮੌਜੂਦ ਸੀ। ਇਸ ਦੌਰਾਨ ਐੱਨਆਈਏ ਦੀ ਟੀਮ ਲਗਾਤਾਰ ਪੰਜ ਘੰਟੇ ਵਿਚ ਛਾਣਬੀਣ ਕਰਦੀ ਰਹੀ। ਇਸ ਮੌਕੇ ਟੀਮ ਅਧਿਕਾਰੀ ਪੈੱਨ ਡਰਾਈਵ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਨਾਲ ਲੈ ਗਏ।