ਚੰਡੀਗੜ੍ਹ : ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਿੱਚ ਪੁਲਿਸ ਦੀ ਭੂਮਿਕਾ ਬਾਰੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਦਨ ਵਿੱਚ ਮੰਗ ਉਠਾਈ ਕਿ ਇਸ ਦੀ ਜਾਂਚ ਵਿਧਾਨ ਸਭਾ ਕਮੇਟੀ ਰਾਹੀਂ ਕਰਵਾਈ ਜਾਵੇ, ਜਿਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਇਸ ’ਤੇ ਵਿਚਾਰ ਕਰਨਗੇ।
ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ, ਜਿਸ ‘ਚ ਪਤਾ ਲੱਗਾ ਹੈ ਕਿ ਖਰੜ ਦੇ ਸੀ.ਆਈ.ਏ. ਥਾਣੇ ‘ਚ ਇੰਟਰਵਿਊ ਹੋਈ ਹੈ ਅਤੇ ਇਸ ‘ਚ ਐੱਸ.ਪੀ ਰੈਂਕ ਦੇ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀ ਨੇ ਇੰਟਰਵਿਊ ਲਈ ਆਪਣਾ ਫ਼ੋਨ ਦਿੱਤਾ ਸੀ। ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮਸ਼ਹੂਰ ਪੌਪ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਦਾ ਹੱਥ ਹੈ ਅਤੇ ਉਸ ਵਰਗੇ ਕਈ ਗੈਂਗਸਟਰ ਲੋਕਾਂ ਨੂੰ ਆਪਣੇ ਵਿਰੋਧੀ ਦੱਸ ਕੇ ਧਮਕੀਆਂ ਦਿੰਦੇ ਰਹਿੰਦੇ ਹਨ।