ਗੁਰੂਸਰ ਸੁਧਾਰ : ਬੀਤੀ ਦੇਰ ਰਾਤ ਤੇਜ਼ ਹਨੇਰੀ ਤੇ ਝੱਖੜ ਚੱਲਣ ਤੇ ਮੀਂਹ ਪੈਣ ਨਾਲ ਪਿੰਡ ਅਕਾਲਗੜ੍ਹ ਕਲਾਂ ਵਿੱਚ ਦੀ ਗੁਜਰਦੇ ਲੁਧਿਆਣਾ-ਬਠਿੰਡਾ ਦੇ ਵੱਖ ਵੱਖ ਥਾਵਾਂ ਤੇ ਦਰੱਖਤ ਡਿੱਗਣ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਹੀ ਦੂਜੇ ਪਾਸੇ ਸੜਕਾਂ ਤੇ ਦਰੱਖਤ ਡਿੱਗਣ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਿਸ ਕਾਰਨ ਜਿੱਥੇ ਰੋਜ਼ਾਨਾ ਬਠਿੰਡਾ ਤੋਂ ਲੁਧਿਆਣਾ ਜਾਣ ਵਾਲੀਆਂ ਬੱਸਾਂ ਨੂੰ ਡਾਈਵਰਟ ਕਰਕੇ ਹਲਵਾਰੇ ਤੋਂ ਪੱਖੋਵਾਲ ਰੋਡ ਰਾਹੀਂ ਵਾਇਆ ਜੋਧਾਂ ਭੇਜਿਆ ਗਿਆ, ਇਸ ਰਾਜ ਮਾਰਗ ਦੇ ਬੰਦ ਹੋਣ ਕਾਰਨ ਜਿੱਥੇ ਰਾਏਕੋਟ ਤੋਂ ਲੁਧਿਆਣਾ ਜਾਣ ਵਾਲੇ ਨੌਕਰੀਪੇਸ਼ਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸੁਧਾਰ, ਮੁੱਲਾਂਪੁਰ, ਰਾਏਕੋਟ ਦੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਦੀਆਂ ਬੱਸਾਂ ਨੂੰ ਬਦਲਵੇਂ ਰਾਸਤੇ ਸਕੂਲਾਂ ਤੱਕ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਇਸ ਦੇ ਨਾਲ ਹੀ ਕਈ ਥਾਵਾਂ ’ਤੇ ਦੁਕਾਨਾਂ ਦੇ ਸਾਈਨ ਬੋਰਡਾਂ ਅਤੇ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਿਆ ਹੈ। ਸੁਧਾਰ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ‘ਤੇ ਤੇਜ਼ ਹਨੇਰੀ ਝੱਖੜ ਕਰਕੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ। ਜਿਸ ਕਾਰਨ ਲੰਘੀ ਰਾਤ ਤੋਂ ਬਿਜਲੀ ਸਪਲਾਈ ਵੀ ਬੰਦ ਪਈ ਹੈ।