ਦਫ਼ਤਰੀ ਸਮਾਂ ਬਦਲ ਕੇ 15 ਜੁਲਾਈ ਤੱਕ 42 ਕਰੋੜ ਬਚਾਵੇਗਾ ਪੰਜਾਬ


ਚੰਡੀਗੜ੍ਹ- ਪੰਜਾਬ ‘ਚ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਆਪਣੀ ਤਰ੍ਹਾਂ ਦਾ ਅਜਿਹਾ ਤਜੁਰਬਾ ਕੀਤਾ ਹੈ, ਜੋ ਸੂਬੇ ਦੇ ਪੈਸੇ ਤੇ ਬਿਜਲੀ ਦੀ ਬੱਚਤ ਕਰਨ ‘ਚ ਸਹਾਇਕ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਕੀ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਸ ਬਾਰੇ ਕਈ ਦਿਨ ਚਰਚਾ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬਿਜਲੀ ਦੀ ਸਪਲਾਈ ਅੱਗੇ ਝੋਨੇ ਦੇ ਬਿਜਾਈ ਦੇ ਸੀਜ਼ਨ ‘ਚ ਨਿਰਵਿਘਨ ਰਹੇ, ਇਸ ਲਈ ਹੁਣੇ ਤੋਂ ਬਿਜਲੀ ਦੀ ਬੱਚਤ ਵੱਲ ਧਿਆਨ ਦੇਣਾ ਹੋਵੇਗਾ। ਮਾਨ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਵੇਗੀ, ਨਾਲ ਹੀ ਇਕ ਅਨੁਮਾਨ ਅਨੁਸਾਰ ਸਰਕਾਰ ਦਾ 15 ਜੁਲਾਈ ਤੱਕ 40-42 ਕਰੋੜ ਰੁਪਿਆ ਵੀ ਬਚੇਗਾ। ਪੰਜਾਬ ‘ਚ ਜ਼ਿਆਦਾਤਰ ਬਿਜਲੀ ਥਰਮਲ ਪਲਾਂਟਾਂ ਤੋਂ ਹੀ ਬਣਦੀ ਹੈ। ਸਪੱਸ਼ਟ ਹੈ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਥਰਮਲ ਪਲਾਂਟ ‘ਚ ਵਰਤੋਂ ’ਚ ਲਿਆਂਦੇ ਜਾਂਦੇ ਕੋਲੇ ਦੀ ਲਾਗਤ ‘ਚ ਵੀ ਕਮੀ ਆਵੇਗੀ। ਹਾਲਾਂਕਿ ਰਣਜੀਤ ਸਾਗਰ ਡੈਮ, ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਵੀ ਪੰਜਾਬ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ ਪਰ ਇਹ ਥਰਮਲ ਪਲਾਂਟਾਂ ਦੀ ਤੁਲਨਾ ‘ਚ ਬਹੁਤ ਘੱਟ ਹੈ।

ਸੂਬੇ ਦੇ ਰੋਪੜ ਥਰਮਲ ਪਲਾਂਟ ਨੂੰ ਰੋਜ਼ਾਨਾ 14,000 ਟਨ, ਲਹਿਰਾ ਮੁਹੱਬਤ ਪਲਾਂਟ ਨੂੰ 10,000 ਟਨ, ਨਾਭਾ ਥਰਮਲ ਪਲਾਂਟ ਨੂੰ 14,000 ਟਨ, ਤਲਵੰਡੀ ਸਾਬੋ ਪਲਾਂਟ ਨੂੰ 22,000 ਟਨ ਅਤੇ ਗੋਇੰਦਵਾਲ ਪਲਾਂਟ ਨੂੰ 7500 ਟਨ ਕੋਲੇ ਦੀ ਲੋੜ ਪੈਂਦੀ ਹੈ, ਬਸ਼ਰਤੇ ਇਹ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਣ। ਇਸ ਕੜੀ ‘ਚ ਕੇਂਦਰ ਸਰਕਾਰ ਦੇ ਆਰ. ਐੱਸ. ਆਰ. (ਰੇਲ-ਸਮੁੰਦਰ-ਰੇਲ) ਰਾਹੀਂ ਕੋਲੇ ਦੀ ਢੁਆਈ ਦੇ ਫ਼ੈਸਲੇ ਨਾਲ ਵੀ ਪੰਜਾਬ ਨੂੰ ਹੋਰ ਨੁਕਸਾਨ ਹੁੰਦਾ ਪਰ ਮੁੱਖ ਮੰਤਰੀ ਇਸ ਫ਼ੈਸਲੇ ਨੂੰ ਰੁਕਵਾਉਣ ‘ਚ ਕਾਮਯਾਬ ਰਹੇ ਸਨ। ਇਸ ਬਾਰੇ ਇੰਜੀ. ਜਸਵੀਰ ਸਿੰਘ ਧੀਮਾਨ, ਪ੍ਰਧਾਨ, ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਨੇ ਕਿਹਾ ਕਿ ਫ਼ੈਸਲੇ ਦਾ ਅਸਰ ਵਿਖੇਗਾ। ਠੀਕ ਮੁਲਾਂਕਣ ਤਾਂ ਪੀਕ ਸੀਜ਼ਨ ‘ਚ ਹੀ ਸਾਹਮਣੇ ਆਵੇਗਾ। ਫਿਲਹਾਲ ਮੌਸਮ ਠੀਕ ਹੈ ਤਾਂ ਏ. ਸੀ. ਦੀ ਲੋੜ ਵੀ ਨਹੀਂ ਹੈ। ਝੋਨੇ ਦੀ ਬਿਜਾਈ ਸਮੇਂ ਜ਼ਰੂਰ ਫ਼ਰਕ ਨਜ਼ਰ ਆਵੇਗਾ। ਦੁਪਹਿਰ ਡੇਢ ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਖ਼ਪਤ ਪੀਕ ’ਤੇ ਹੁੰਦੀ ਹੈ, ਇਸ ਲਈ ਇਸ ਨੂੰ ਅਸੀਂ ਪੀਕ ਆਵਰਜ਼ ਮੰਨਦੇ ਹਾਂ। ਦਫ਼ਤਰ 2 ਵਜੇ ਬੰਦ ਹੋ ਜਾਣਗੇ ਤਾਂ ਦਫ਼ਤਰਾਂ ਦੀ ਬਿਜਲੀ ਦੀ ਬਹੁਤ ਬਚਤ ਹੋਵੇਗੀ।

Leave a Reply

Your email address will not be published. Required fields are marked *