ਚੰਡੀਗੜ੍ਹ : ਪਹਿਲਾਂ ਹੀ ਕਈ ਤਰ੍ਹਾਂ ਦੇ ਸੰਕਟਾਂ ’ਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਇਹ ਸੰਕਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹੇ ਹਰਦੀਪ ਸਿੰਘ ਡਿੱਪੀ ਢਿੱਲੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਜਾਣ ਦੇ ਐਲਾਨ ਕਾਰਨ ਆਇਆ ਹੈ। ਡਿੰਪੀ ਨੇ ਦੋਸ਼ ਲਗਾਇਆ ਹੈ ਕਿ ਸੁਖਬੀਰ ਬਾਦਲ ਗਿੱਦੜਬਾਹਾ ਤੋਂ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਮਨਪ੍ਰੀਤ ਬਾਦਲ ਨੂੰ ਵਾਪਸ ਲਿਆ ਕੇ ਇੱਥੋਂ ਚੋਣ ਮੈਦਾਨ ’ਚ ਉਤਾਰਨਾ ਚਾਹੁੰਦੇ ਹਨ। ਇਸ ਲਈ ਉਹ ਆਮ ਆਦਮੀ ਪਾਰਟੀ ’ਚ ਜਾ ਰਹੇ ਹਨ। ਓਧਰ ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ’ਚ ਨਹੀਂ ਆ ਰਹੇ। ਇਸੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕੈ ਕਿ ਡਿੰਪੀ 10 ਦਿਨਾਂ ’ਚ ਅਕਾਲੀ ਦਲ ’ਚ ਵਾਪਸ ਆ ਜਾਣ ਗਿੱਦੜਬਾਹਾ ਤੋਂ ਉਨ੍ਹਾਂ ਦੀ ਟਿਕਟ ਪੱਕੀ ਹੈ।
ਸੁਖਬੀਰ ਬਾਦਲ ਦੇ ਖ਼ਾਸ ਮੰਨੇ ਜਾਂਦੇ ਹਰਦੀਪ ਸਿੰਘ ਡਿੰਪੀ ਨੇ ਸੋਮਵਾਰ ਨੂੰ ਗਿੱਦੜਬਾਹਾ ’ਚ ਆਪਣੇ ਸਮਰਥਕਾਂ ਨਾਲ ਬੈਠਕ ’ਚ ਕਿਹਾ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੋਵੇਂ ਇਕ ਹੀ ਹਨ ਇਸ ਲਈ ਮੈਨੂੰ ਅਕਾਲੀ ਦੱਲ ਛੱਡਣਾ ਪਿਆ। ਡਿੰਪੀ ਨੇ ਕਿਹਾ ਕਿ ਸੁਖਬੀਰ ਮੈਨੂੰ ਬਿਨ੍ਹਾਂ ਕਾਰਨ ਗੁੰਮਰਾਹ ਕਰਦੇ ਰਹੇ। ਅਸਲ ’ਚ ਉਹ ਗਿੱਦੜਬਾਹਾ ਹਲਕਾ ਮਨਪ੍ਰੀਤ ਬਾਦਲ ਨੂੰ ਸੌਂਪਣਾ ਚਾਹੁੰਦੇ ਹਨ। ਇਹੀ ਕਾਰਨ ਹੈ ਮੇਰੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਜਦਕਿ ਸੁਖਬੀਰ ਮੈਨੂੰ ਹਰ ਰੋਜ਼ ਕਹਿੰਦੇ ਰਹੇ ਕਿ ਗਿੱਦੜਬਾਹਾ ਹਾਲਕੇ ਦੀ ਜ਼ਿਮਨੀ ਚੋਣ ਲਈ ਉਨ੍ਹਾਂ ਦੇ ਐਲਾਨ ਦਾ ਨਾਂ ਛੇਤੀ ਕਰਾਂਗੇ।