ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜ ਰੋਜ਼ਾ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਉਣ ਦੀ ਥਾਂ ਹੁਣ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਇਹ ਐਲਾਨ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪਿੰਡ ਚੀਮਾ ਵਿੱਚ ਸੂਬਾ ਪੱਧਰੀ ਮੀਟਿੰਗ ਉਪਰੰਤ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨੀ, ਖੇਤੀ ਅਤੇ ਹੋਰ ਸੂਬੇ ਦੇ ਅਹਿਮ ਮਸਲਿਆਂ ਨੂੰ ਲੈ ਕੇ 27 ਤੋਂ 31 ਦਸੰਬਰ ਤੱਕ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਉਣੇ ਸਨ, ਜਿਨ੍ਹਾਂ ਨੂੰ ਹੁਣ ਮੁਲਤਵੀ ਕਰ ਦਿੱਤਾ ਹੈ, ਕਿਉਂਕਿ 2 ਤੋਂ 4 ਸਤੰਬਰ ਤੱਕ ਪੰਜਾਬ ਸਰਕਾਰ ਦਾ ਵਿਧਾਨ ਸਭਾ ਸੈਸ਼ਨ ਹੋਵੇਗਾ।
ਇਸ ਕਾਰਨ ਜਥੇਬੰਦੀ ਨੇ ਹੁਣ ਪਹਿਲੀ ਸਤੰਬਰ ਤੋਂ ਆਪਣਾ ਸੰਘਰਸ਼ ਚੰਡੀਗੜ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲੀ ਸਤੰਬਰ ਨੂੰ ਸੂਬੇ ਭਰ ਤੋਂ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋਣਗੇ। ਜੇ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਅਗਲਾ ਸੰਘਰਸ਼ ਮੌਕੇ ਅਨੁਸਾਰ ਤੈਅ ਕੀਤਾ ਜਾਵੇਗਾ। ਵਿਧਾਨ ਸਭਾ ਸੈਸ਼ਨ ਤੋਂ ਬਾਅਦ 5 ਸਤੰਬਰ ਨੂੰ ਅਗਲੇ ਸੰਘਰਸ਼ ਦਾ ਐਲਾਨ ਹੋਵੇਗਾ।