ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਪੀਆਰ ਸ਼੍ਰੀਜੇਸ਼ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਟੀਮ ਨੂੰ ਤੁਹਾਡੀ ਕਮੀ ਮਹਿਸੂਸ ਹੋਵੇਗੀ ਕਿਉਂਕਿ ਇਸ ਅਨੁਭਵੀ ਗੋਲਕੀਪਰ ਨੇ ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ ‘ਤੇ ਆਪਣੀ ਰਿਹਾਇਸ਼ ‘ਤੇ ਭਾਰਤੀ ਪੈਰਿਸ ਓਲੰਪਿਕ ਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਸ਼੍ਰੀਜੇਸ਼ ਨੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੀ ਜਰਸੀ ਅਤੇ ਹਾਕੀ ਵੀ ਭੇਟ ਕੀਤੀ।
ਖਿਡਾਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸ਼੍ਰੀਜੇਸ਼ ਦੇ ਸੰਨਿਆਸ ਦੇ ਫੈਸਲੇ ਬਾਰੇ ਪੁੱਛਿਆ, ‘ਸ੍ਰੀਜੇਸ਼ ਕੀ ਤੁਸੀਂ ਪਹਿਲਾਂ ਹੀ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ?’ ਸ਼੍ਰੀਜੇਸ਼ ਨੇ ਜਵਾਬ ਦਿੱਤਾ, ‘ਮੈਂ ਪਿਛਲੇ ਕੁਝ ਸਾਲਾਂ ਤੋਂ ਸੰਨਿਆਸ ਲੈਣ ਬਾਰੇ ਸੋਚ ਰਿਹਾ ਸੀ। ਮੇਰੇ ਸਾਥੀ ਅਕਸਰ ਮਜ਼ਾਕ ਵਿੱਚ ਪੁੱਛਦੇ, ‘ਤੁਸੀਂ ਕਦੋਂ ਜਾ ਰਹੇ ਹੋ?’ ਮੈਂ ਪਹਿਲੀ ਵਾਰ 2002 ਵਿੱਚ ਰਾਸ਼ਟਰੀ ਕੈਂਪ ਵਿੱਚ ਹਿੱਸਾ ਲਿਆ ਸੀ ਅਤੇ 2004 ਵਿੱਚ ਜੂਨੀਅਰ ਪੱਧਰ ‘ਤੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਦੋਂ ਤੋਂ ਮੈਂ 20 ਸਾਲਾਂ ਤੋਂ ਆਪਣੇ ਦੇਸ਼ ਦੀ ਅਗਵਾਈ ਕਰ ਰਿਹਾ ਹਾਂ।