ਚੰਡੀਗੜ੍ਹ, 4 ਜੂਨ (ਦਲਜੀਤ ਸਿੰਘ)- ਬੁਢਲਾਡਾ ਤੋਂ ਵਿਧਾਇਕ ਰਹੇ ਮੰਗਤ ਰਾਏ ਬਾਂਸਲ ਨੂੰ ਪਟਿਆਲਾ ਦੀ ਸੀ. ਬੀ. ਆਈ. ਕੋਰਟ ਨੇ ਸਾਲ 2014 ਵਿਚ ਚਾਵਲ ਘਪਲੇ ਵਿਚ ਦੋਸ਼ੀ ਮੰਨਦਿਆਂ 7 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ’ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਫਿਲਹਾਲ ਅਦਾਲਤ ਦੇ ਵਿਸਤ੍ਰਿਤ ਹੁਕਮ ਆਉਣੇ ਅਜੇ ਬਾਕੀ ਹਨ। ਮੰਗਤ ਰਾਏ ਅਤੇ 4 ਹੋਰਾਂ ਨੂੰ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ਨੂੰ 20 ਅਪ੍ਰੈਲ, 2014 ਨੂੰ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਨੂੰ ਬਰੀ ਕਰ ਦਿਤਾ ਗਿਆ ਸੀ। ਬਾਂਸਲ ਨੇ ਜੇਲ੍ਹ ਵਿਚ ਰਹਿੰਦਿਆਂ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ 17 ਅਪ੍ਰੈਲ, 2014 ਨੂੰ ਸੀ. ਬੀ. ਆਈ. ਜੱਜ ਦੇ ਸਟਿੰਗ ਦੀ ਵੀਡੀਓ ਭੇਜੀ ਸੀ। ਇਸ ਵਿਚ ਸੀ. ਬੀ. ਆਈ. ਜੱਜ ਹੇਮੰਤ ਗੋਪਾਲ ਨੂੰ ਪੰਜਾਬ ਦੇ ਲਾਅ ਅਫ਼ਸਰ ਦੀ ਮਾਰਫ਼ਤ 40 ਲੱਖ ਦੀ ਰਿਸ਼ਵਤ ਲੈਂਦਿਆਂ ਵਿਖਾਇਆ ਗਿਆ ਸੀ, ਜੋ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਦਿੱਤੀ ਗਈ ਸੀ।
ਬਾਂਸਲ ਨੇ ਦੋਸ਼ ਲਗਾਇਆ ਸੀ ਕਿ ਜੱਜ ਨੇ ਲਾਅ ਅਫ਼ਸਰ ਦੀ ਮਾਰਫ਼ਤ ਸਾਰੇ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਬਦਲੇ ਵਿਚ 2 ਕਰੋੜ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਮੁਲਜ਼ਮਾਂ ਨੇ 40-40 ਲੱਖ ਦੇਣੇ ਸਨ, ਜੋ ਸਿਰਫ਼ ਪਰਮਿੰਦਰ ਸਿੰਘ ਨੇ ਪਿਤਾ ਦੀ ਮਾਰਫ਼ਤ ਚੰਡੀਗੜ੍ਹ ਵਿਚ ਲਾਅ ਅਫ਼ਸਰ ਨੂੰ ਦਿੱਤੇ ਅਤੇ ਬਾਅਦ ਵਿਚ ਪਟਿਆਲਾ ਸਥਿਤ ਜੱਜ ਦੇ ਘਰ ਰਾਸ਼ੀ ਪਹੁੰਚਾਈ ਗਈ। ਬਾਕੀ ਮੁਲਜ਼ਮਾਂ ਨੇ ਪੈਸੇ ਨਹੀਂ ਦਿੱਤੇ ਅਤੇ 17 ਅਪ੍ਰੈਲ ਨੂੰ ਸਟਿੰਗ ਕਰ ਦਿੱਤਾ, ਜਿਸ ਤੋਂ ਬਾਅਦ ਜੱਜ ਹੇਮੰਤ ਗੋਪਾਲ ਨੇ 20 ਅਪ੍ਰੈਲ ਨੂੰ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ। ਹਾਈਕੋਰਟ ਨੇ ਸਟਿੰਗ ਤੋਂ ਬਾਅਦ ਜੱਜ ਨੂੰ ਮੁਅੱਤਲ ਵੀ ਕੀਤਾ ਸੀ, ਜਿਸ ਤੋਂ ਬਾਅਦ ਬਾਂਸਲ ਨੇ ਹਾਈਕੋਰਟ ਵਿਚ ਸਜ਼ਾ ਨੂੰ ਖਾਰਜ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ।