ਜੰਮੂ, 4 ਸਤੰਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਲਾਈਨ ‘ਤੇ ਫੌਜ ਨੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਇੱਕ ਸਮੂਹ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਬੁਲਾਰਾ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਲਗਾਇਆ।
ਉਨ੍ਹਾਂ ਕਿਹਾ, ‘‘ਬੀਤੀ ਰਾਤ (ਵੀਰਵਾਰ) ਪੁੰਛ ਸੈਕਟਰ ਵਿੱਚ ਕੰਟਰੋਲ ਲਾਈਨ ‘ਤੇ ਪਾਕਿਸਤਾਨੀ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕੰਟਰੋਲ ਲਾਈਨ ‘ਤੇ ਸਾਡੇ ਵੱਲ ਦੇ ਫੌਜੀਆਂ ਨੇ ਪ੍ਰਭਾਵੀ ਢੰਗ ਨਾਲ ਗੋਲੀਬਾਰੀ ਕਰਕੇ ਅਸਫਲ ਕਰ ਦਿੱਤਾ। ਆਨੰਦ ਨੇ ਦੱਸਿਆ ਕਿ ਗੋਲੀਬਾਰੀ ਵਿਚਾਲੇ ਅੱਤਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਵੱਲ ਭੱਜ ਗਏ। ਮੁਕਾਬਲੇ ਵਾਲੀ ਥਾਂ ‘ਤੇ ਡੂੰਘੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਅੱਤਵਾਦੀਆਂ ਦੁਆਰਾ ਛੱਡੀਆਂ ਗਈਆਂ ਕਈ ਚੀਜਾਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਵਿੱਚ ਕੱਪੜੇ, ਡਿੱਬਾ ਬੰਦ ਭੋਜਨ ਅਤੇ ਪਾਕਿਸਤਾਨੀ ਨਿਸ਼ਾਨ ਵਾਲੀ ਦਵਾਈਆਂ ਸ਼ਾਮਲ ਹਨ।