ਦਿੱਲੀ ਐਨਸੀਆਰ ਵਿੱਚ ਮੀਂਹ ਦਾ ਕਹਿਰ

ਨਵੀਂ ਦਿੱਲੀ, ਐਨਸੀਆਰ ਵਿੱਚ ਮੀਂਹ ਦੇ ਜਮ੍ਹਾਂ ਪਾਣੀ ਕਾਰਨ ਕਈ ਵਿਅਕਤੀਆਂ ਨੂੰ ਜਾਨ ਗਵਾਉਣੀ ਪਈ ਅਤੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਬੁੱਧਵਾਰ ਸ਼ਾਮ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਦੇ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਤਿੰਨ ਵਿਅਕਤੀ ਮੀਂਹ ਦੇ ਜਮ੍ਹਾਂ ਪਾਣੀ ਵਿਚੋਂ ਲੰਘਣ ਮੌਕੇ ਬਿਜਲੀ ਦੇ ਸਪੰਰਕ ਵਿਚ ਆਉਣ ਕਾਰਨ ਕਰੰਟ ਨਾਲ ਝੁਲਸ ਗਏ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੀਐਨਐਸਐਸ ਦੀ ਧਾਰਾ 195 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਕ ਹੋਰ ਘਟਨਾ ਵਿਚ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 3 ਵਿੱਚ ਇੱਕ ਔਰਤ ਅਤੇ ਉਸਦਾ ਪੁੱਤਰ ਇੱਕ ਖੁੱਲ੍ਹੇ ਨਾਲੇ ਵਿੱਚ ਡੁੱਬ ਗਏ ਸਨ। ਮ੍ਰਿਤਕਾਂ ਦੀ ਪਛਾਣ ਤਨੂਜਾ (22) ਅਤੇ ਉਸ ਦੇ ਬੱਚੇ ਪ੍ਰਿਆਂਸ਼ (3) ਵਾਸੀ ਗਾਜ਼ੀਆਬਾਦ ਵਜੋਂ ਹੋਈ ਹੈ। ਉਧਰ ਨੋਇਡਾ ਵਿੱਚ ਵੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਵਿਧਾਇਕ ਕੁਲਦੀਪ ਕੁਮਾਰ ਨੇ ਇਸ ਘਟਨਾ ਸਬੰਧੀ ‘ਐਕਸ’ ’ਤੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਦਿੱਲੀ ਦੇ ਉਪ ਰਾਜਪਾਲ ਇਹਨਾਂ ਲਾਪਰਵਾਹ ਡੀਡੀਏ ਅਫਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨਗੇ ਅਤੇ ਪੁਲੀਸ ਕੇਸ ਦਾਇਰ ਕਰਨਗੇ।

ਬੀਤੇ ਦਿਨ ਦਿੱਲੀ ਵਿਚ ਇੱਕ ਘੰਟੇ ਦੌਰਾਨ 100 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਸ਼ਾਮ ਨੂੰ ਪੂਰੇ ਦਿੱਲੀ-ਐਨਸੀਆਰ ਵਿੱਚ ਰੈੱਡ ਅਲਰਟ ਜਾਰੀ ਕਰਦਿਆਂ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਸੀ।

Leave a Reply

Your email address will not be published. Required fields are marked *