2 ਜੁਲਾਈ ਨੂੰ ਮੌਨਸੂਨ ਨਾਲ ਸੂਬੇ ਭਰ ‘ਚ ਆਈ ਭਾਰੀ ਬਾਰਿਸ਼ ਨੇ ਪੂਰਾ ਪੰਜਾਬ ਕਵਰ ਕਰ ਲਿਆ ਸੀ ਪਰ ਹੁਣ ਭਾਰੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਮੌਸਮ ਸਬੰਧੀ ਗੱਲ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਫ਼ਿਲਹਾਲ ਮੌਸਮ ਨੂੰ ਲੈ ਕੇ ਕੋਈ ਅਲਰਟ ਜਾਂ ਚਿਤਾਵਨੀ ਨਹੀਂ ਹੈ। 9 ਅਤੇ 10 ਜੁਲਾਈ ਨੂੰ ਪੰਜਾਬ ਵਿਚ ਕਿਤੇ-ਕਿਤੇ ਅਤੇ 11 ਅਤੇ 12 ਜੁਲਾਈ ਨੂੰ ਕੁਝ ਵੱਧ ਸਥਾਨਾਂ ’ਤੇ ਬਾਰਿਸ਼ ਹੋ ਸਕਦੀ ਹੈ। ਸੋਮਵਾਰ ਨੂੰ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ ਦਾ ਤਾਪਮਾਨ 33.6, ਅੰਮ੍ਰਿਤਸਰ ਦਾ 37.3, ਲੁਧਿਆਣੇ ਦਾ 33.8, ਪਟਿਆਲੇ ਦਾ 33.6, ਬਠਿੰਡੇ ਦਾ 37.0, ਫ਼ਰੀਦਕੋਟ ਦਾ 38.2, ਗੁਰਦਾਸਪੁਰ ਦਾ 36.0, ਐਸਬੀਐੱਸ ਨਗਰ ਦਾ 32.9, ਫ਼ਤਿਹਗੜ੍ਹ ਸਾਹਿਬ ਦਾ 33.4, ਫ਼ਿਰੋਜ਼ਪੁਰ ਦਾ 35.3 ਤੇ ਜਲੰਧਰ ਦਾ ਤਾਪਮਾਨ 35.5 ਡਿਗਰੀ ਸੈਲਸੀਅਸ ਰਿਹਾ।