ਨਵੀਂ ਦਿੱਲੀ, 31 ਅਗਸਤ (ਦਲਜੀਤ ਸਿੰਘ)- ਦੇਸ਼ ਦੇ ਚੀਫ਼ ਜਸਿਟਸ (ਸੀ.ਜੇ.ਆਈ.) ਨੇ 9 ਨਵਨਿਯੁਕਤ ਜੱਜਾਂ ਨੂੰ ਮੰਗਲਵਾਰ ਨੂੰ ਸਹੁੰ ਚੁਕਾਈ। ਸੁਪਰੀਮ ਕੋਰਟ ਦੇ ਨਵੇਂ ਭਵਨ ਕੰਪਲੈਕਸ ਦੇ ਸਭਾਗਾਰ ’ਚ ਸਵੇਰੇ 10.30 ਵਜੇ ਤੋਂ ਆਯੋਜਿਤ ਇਸ ਸਹੁੰ ਚੁੱਕ ਸਮਾਰੋਹ ’ਚ ਜੱਜ ਨੇ ਸਾਰੇ 9 ਜੱਜਾਂ ਨੂੰ ਸਹੁੰ ਚੁਕਾਈ। ਪ੍ਰੋਗਰਾਮ 11 ਵਜੇ ਤੱਕ ਚੱਲਿਆ। ਆਮ ਤੌਰ ’ਤੇ ਨਵੇਂ ਚੁਣੇ ਜੱਜਾਂ ਨੂੰ ਸੀ.ਜੇ.ਆਈ. ਦੇ ਕੋਰਟ ਰੂਮ ’ਚ ਸਹੁੰ ਚੁਕਾਈ ਜਾਂਦੀ ਹੈ ਪਰ ਇਹ ਪਹਿਲਾ ਮੌਕਾ ਸੀ ਕਿ ਇਹ ਪ੍ਰੋਗਰਾਮ ਸੀ.ਜੇ.ਆਈ. ਕੋਰਟ ਰੂਮ ਦੇ ਬਾਹਰ ਆਯੋਜਿਤ ਕੀਤਾ ਗਿਆ। ਅਜਿਹਾ ਕੋਰੋਨਾ ਨਿਯਮਾਂ ਦੇ ਪਾਲਣ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਸੀ। ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕੱਠੇ 9 ਜੱਜਾਂ ਨੇ ਸਹੁੰ ਚੁੱਕੀ ਹੈ।
ਸੀ.ਜੇ.ਆਈ. ਦੀ ਪ੍ਰਧਾਨਗੀ ਵਾਲੇ 5 ਮੈਂਬਰੀ ਸੁਪਰੀਮ ਕੋਰਟ ਕਾਲੇਜੀਅਮ ਨੇ 17 ਅਗਸਤ ਨੂੰ ਆਯੋਜਿਤ ਬੈਠਕ ’ਚ ਹਾਈ ਕੋਰਟ ਦੇ 4 ਮੁੱਖ ਜੱਜਾਂ, ਚਾਰ ਜੱਜਾਂ ਅਤੇ ਇਕ ਸੀਨੀਅਰ ਐਡਵੋਕੇਟ ਦੇ ਨਾਮ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਕੀਤੀ ਸੀ। ਸਹੁੰ ਚੁੱਕਣ ਵਾਲੇ ਜੱਜਾਂ ’ਚ ਜੱਜ ਏ.ਐੱਸ. ਓਕਾ, ਵਿਕਰਮ ਨਾਥ, ਜੇ.ਕੇ. ਮਾਹੇਸ਼ਵਰੀ, ਹੀਮਾ ਕੋਹਲੀ ਸ਼ਾਮਲ ਹਨ। ਜੱਜ ਬੀ.ਵੀ. ਨਾਗਰਤਨਾ, ਸੀ.ਟੀ. ਰਵੀਕੁਮਾਰ, ਐੱਮ.ਐੱਮ. ਸੁੰਦਰੇਸ਼, ਬੇਲਾ ਐੱਮ. ਤ੍ਰਿਵੇਦੀ, ਪੀ.ਐੱਸ. ਨਰਸਿਮਹਾ ਨੂੰ ਵੀ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਅਜਿਹਾ ਪਹਿਲੀ ਵਾਰ ਹੋਇਆ ਕਿ ਜੱਜਾਂ ਦੇ ਸਹੁੰ ਚੁੱਕ ਸਮਾਰੋਹ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਤੋਂ ਕੀਤਾ ਗਿਆ।