ਅਬੋਹਰ : ਜ਼ਿਲ੍ਹਾਂ ਫਾਜ਼ਿਲਕਾ ਦੀ ਸਬ ਤਹਿਸੀਲ ਖੂਈਆਂ ਸਰਵਰ ਪੁਲਿਸ ਨੇ 66 ਕਿੱਲੋ ਅਫ਼ੀਮ, 40 ਹਜ਼ਾਰ ਰੁਪਏ ਨਗਦੀ ਤੇ ਸਵਿਫ਼ਟ ਕਾਰ ਸਣੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਖੁਇਆ ਸਰਵਰ ਥਾਣੇ ਦੇ ਥਾਣਾ ਮੁੱਖੀ ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਝਾਰਖੰਡ ਤੋਂ ਇੱਕ ਕਾਰ ਵਿੱਚ 66 ਕਿਲੋ ਅਫੀਮ ਲੈ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦ ਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ। ਫੜੇ ਗਏ ਨੌਜਵਾਨਾਂ ਕੋਲੋਂ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਦੇ ਮੁੱਖੀ ਰਮਨ ਕਮਾਰ ਬੀਤੀ ਦੇਰ ਰਾਤ ਸੱਪਾਂਵਾਲੀ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਖਯਾਦ ਸਿੰਘ ਉਰਫ ਯਾਦ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਦਲਮੀਰਖੇੜਾ, ਤਰਸੇਮ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਦਿਆਲਪੁਰਾ ਬਠਿੰਡਾ ਅਤੇ ਜਗਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਭੰਮਾ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ ‘ਚ ਵੇਚਦੇ ਹਨ, ਜੋ ਕਿ ਅੱਜ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫ਼ੀਮ ਲੈ ਕੇ ਪੰਜਾਬ ਆ ਰਹੇ ਹਨ। ਜਿਸ ਤਹਿਤ ਪੁਲਿਸ ਨੇ ਨਾਕਾਬੰਦੀ ਕਰਕੇ ਸਾਹਮਣੇ ਤੋਂ ਆ ਰਹੀ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿਚ ਸਵਾਰ ਤਰਸੇਮ ਸਿੰਘ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ, ਜਦਕਿ ਪੁਲਿਸ ਨੇ ਸੁਖਯਾਦ ਸਿੰਘ ਅਤੇ ਜਗਰਾਜ ਨੂੰ ਕਾਬੂ ਕਰ ਲਿਆ ਅਤੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 66 ਕਿਲੋ ਅਫੀਮ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਐਨਡੀਪੀਐਸ ਦੀ ਧਾਰਾ 18, 27ਏ, 29, 61, 85 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋ ਕਾਬੂ ਕੀਤੇ ਵਿਅਕਤੀਆਂ ਤੋ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਪੁਲਿਸ ਹੋਰ ਵੀ ਖੁਲਾਸੇ ਕਰ ਸਕਦੀ ਹੈ।