ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਅੱਜ ਯਾਨੀ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ ਹਨ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਵਿੱਚ ਓਮ ਬਿਰਲਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਤਾਂ ਉੱਥੇ ਮੌਜੂਦ ਮੈਂਬਰਾਂ ਨੇ ਉਨ੍ਹਾਂ ਨੂੰ ਆਵਾਜ਼ੀ ਵੋਟ ਨਾਲ ਲੋਕ ਸਭਾ ਦਾ ਸਪੀਕਰ ਚੁਣ ਲਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਓਮ ਬਿਰਲਾ ਨੂੰ ਆਪਣੀ ਸੀਟ ‘ਤੇ ਲੈ ਗਏ।
ਭਾਜਪਾ ਆਗੂ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਸਪੀਕਰ ਬਣਨ ਵਾਲੇ ਆਗੂਆਂ ਬਲਰਾਮ ਜਾਖੜ, ਜੀਐਮ ਬਲਯੋਗੀ ਅਤੇ ਪੀਏ ਸੰਗਮਾ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਜੇਕਰ ਓਮ ਬਿਰਲਾ ਆਪਣਾ ਦੂਜਾ ਕਾਰਜਕਾਲ ਪੂਰਾ ਕਰ ਲੈਂਦੇ ਹਨ ਤਾਂ ਉਹ ਅਜਿਹਾ ਕਰਨ ਵਾਲੇ ਬਲਰਾਮ ਜਾਖੜ ਤੋਂ ਬਾਅਦ ਦੂਜੇ ਨੇਤਾ ਹੋਣਗੇ। ਕਈ ਆਗੂ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਤਾਂ ਬਣੇ, ਪਰ ਪੂਰਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਕੇਵਲ ਬਲਰਾਮ ਜਾਖੜ ਨੇ 1980 ਤੋਂ 1985 ਅਤੇ 1985 ਤੋਂ 1989 ਤੱਕ ਆਪਣੇ ਦੋਵੇਂ ਕਾਰਜਕਾਲ ਪੂਰੇ ਕੀਤੇ।