ਕਲਾਨੌਰ : ਇਥੋਂ ਨਜ਼ਦੀਕ ਪੈਂਦੇ ਪਿੰਡ ਰਹੀਮਾਬਾਦ ਵਿਖੇ ਐਤਵਾਰ ਦੀ ਦੇਰ ਰਾਤ ਮਿੱਟੀ ਪਾ ਰਹੇ ਟਰੈਕਟਰ ਤੇ ਸਪੀਕਰਾਂ ਦੀ ਆਵਾਜ਼ ਘੱਟ ਕਰਵਾਉਣ ਮੌਕੇ ਹੋਏ ਮਾਮੂਲੀ ਤਕਰਾਰ ਦੌਰਾਨ ਚਾਲਕ ਨੇ ਸਾਥੀਆਂ ਸਮੇਤ ਮਾਂ, ਪੁੱਤ ਤੇ ਟਰੈਕਟਰ ਚਾੜ੍ਹ ਦਿੱਤਾ ਜਿਸ ਕਾਰਨ ਮਾਂ ਦੀ ਮੌਤ ਹੋ ਗਈ ਜਦਕਿ ਪੁੱਤ ਗੰਭੀਰ ਫੱਟੜ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਨਿਸਾਨ ਸਿੰਘ ਵਾਸੀ ਰਹੀਮਾਬਾਦ ਨੇ ਦੱਸਿਆ ਕਿ ਉਹ ਰਾਤ 9:30 ਵਜੇ ਖੇਤਾਂ ਵਿੱਚ ਕੰਮ ਕਰਕੇ ਘਰ ਆਇਆ ਤਾਂ 10 ਵਜੇ ਦੇ ਕਰੀਬ ਉਸ ਦੇ ਚਾਚੇ ਦਾ ਪੁੱਤ ਪ੍ਰਿੰਸ ਮਿੱਟੀ ਪਾ ਰਹੇ ਟਰੈਕਟਰਾਂ ਤੇ ਚੱਲ ਰਹੇ ਸਪੀਕਰਾਂ ਨੂੰ ਬੰਦ ਕਰਵਾਉਣ ਲਈ ਟਰੈਕਟਰ ਚਾਲਕਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਹ ਆਪਣੀ ਮਾਂ ਹਰਜੀਤ ਕੌਰ ਨਾਲ ਵੀ ਉਥੇ ਪੁੱਜਾ।
ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਉਨਾ ਵੀ ਰਾਤ ਵੇਲੇ ਉੱਚੀ ਉੱਚੀ ਸਪੀਕਰ ਦੀਆਂ ਆਵਾਜ਼ਾਂ ਬੰਦ ਕਾਰਨ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਦੌਰਾਨ ਟਰੈਕਟਰ ਚਾਲਕ ਤੋਂ ਇਲਾਵਾ 6 ਦੇ ਕਰੀਬ ਹੋਰ ਸਾਥੀਆਂ ਵੱਲੋਂ ਮੇਰੀ ਮਾਂ, ਅਤੇ ਚਾਚੇ ਦੇ ਪੁੱਤ ਸਮੇਤ ਤਿੰਨੋ ਤੇ ਟਰੈਕਟਰ ਚਾੜ੍ਹ ਦਿੱਤਾ ਇਸ ਦੌਰਾਨ ਪ੍ਰਿੰਸ ਛਾਲ ਮਾਰ ਕੇ ਹੇਠਾਂ ਨੀਵੇਂ ਪਾਸੇ ਡਿੱਗ ਗਿਆ ਜਦ ਕਿ ਉਸ ਦੀ ਮਾਂ ਅਤੇ ਉਹ ਟਰੈਕਟਰ ਦੀ ਲਪੇਟ ਵਿੱਚ ਆ ਗਏ। ਨਿਸ਼ਾਨ ਸਿੰਘ ਨੇ ਦੱਸਿਆ ਕਿ ਟਰੈਕਟਰ ਹੇਠਾਂ ਆਉਣ ਕਾਰਨ ਉਸ ਦੀ ਮਾਂ ਹਰਜੀਤ ਕੌਰ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ ਜਦ ਕਿ ਉਸ ਦੀ ਲੱਤ ਟੁੱਟਣ ਤੋਂ ਇਲਾਵਾ ਹੋਰ ਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਹਨਾਂ ਨੂੰ ਗੁਰਦਾਸਪੁਰ ਹਸਪਤਾਲ ਵਿੱਚ ਦਾਖਿਲ ਕਰਵਾ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਮਾਂ ਹਰਜੀਤ ਕੌਰ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੀ ਲੱਤ ਟੁੱਟਣ ਤੋਂ ਇਲਾਵਾ ਗੰਭੀਰ ਜ਼ਖਮੀ ਹੋ ਗਿਆ ਹੈ ਇਸ ਮੌਕੇ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।