ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਐਲਾਨ ਨਾਲ ਹੀ 16 ਮਾਰਚ ਤੋਂ ਪੂਰੇ ਦੇਸ਼ ਵਿਚ ਸ਼ੁਰੂ ਹੋਇਆ ਚੋਣਾਂ ਦਾ ਰੌਲ਼ਾ ਅੱਜ ਸ਼ਾਮ ਭਾਵ 30 ਮਈ ਨੂੰ ਸ਼ਾਮ ਪੰਜ ਵਜੇ ਰੁਕ ਜਾਵੇਗਾ। ਇਸ ਨਾਲ ਹੀ ਸੱਤਵੇਂ ਤੇ ਆਖ਼ਰੀ ਗੇੜ ਦਾ ਪ੍ਰਚਾਰ ਵੀ ਬੰਦ ਹੋ ਜਾਵੇਗਾ ਤੇ ਮਤਦਾਨ ਇਕ ਜੂਨ ਨੂੰ ਹੋਵੇਗਾ। ਇਸ ਦੌਰਾਨ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਆਖ਼ਰੀ ਗੇੜ ਦੀ ਇਸ ਚੋਣ ਵਿਚ ਜਿਨ੍ਹਾਂ ਮੁੱਖ ਸੀਟਾਂ ’ਤੇ ਮਤਦਾਨ ਹੈ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਨਸੀ ਸੀਟ ਵੀ ਸ਼ਾਮਲ ਹੈ। ਇਸ ਨਾਲ ਹੀ ਬੰਗਾਲ ਦੀ ਡਾਇਮੰਡ ਹਾਰਬਰ ਸੀਟ, ਜਿੱਥੋਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਮੈਦਾਨ ਵਿਚ ਹਨ ਤੇ ਬਿਹਾਰ ਦੀ ਪਾਟਲੀਪੁੱਤਰ ਸੀਟ ਵੀ ਸ਼ਾਮਲ ਹੈ, ਜਿੱਥੋਂ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਚੋਣ ਮੈਦਾਨ ਵਿਚ ਹਨ।
ਇਸ ਵਿਚਾਲੇ ਆਖ਼ਰੀ ਗੇੜ ਦਾ ਪ੍ਰਚਾਰ ਰੁਕਣ ਤੋਂ ਪਹਿਲਾਂ ਬਾਕੀ ਬਚੇ ਘੰਟਿਆਂ ਵਿਚ ਪ੍ਰਚਾਰ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰੀ ਤਾਕਤ ਲਾ ਰੱਖੀ ਹੈ। ਭਾਜਪਾ ਤੇ ਕਾਂਗਰਸ ਨੇ ਆਪਣੇ ਸਾਰੇ ਸਟਾਰ ਪ੍ਰਚਾਰਕਾਂ ਨੂੰ ਮੈਦਾਨ ਵਿਚ ਉਤਾਰ ਰੱਖਿਆ ਹੈ। ਆਖ਼ਰੀ ਗੇੜ ਦੀ ਇਹ ਚੋਣ ਉਂਜ ਵੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਤੇ ਕਾਂਗਰਸ ਦੀ ਅਗਵਾਈ ਵਾਲੇ ਆਈਐੱਨਡੀਆਈਏ, ਦੋਵਾਂ ਲਈ ਹੀ ਕਾਫ਼ੀ ਅਹਿਮ ਹੈ। 2019 ਵਿਚ ਅੱਠ ਸੂਬਿਆਂ ਦੀਆਂ ਇਨ੍ਹਾਂ 57 ਸੀਟਾਂ ਵਿਚ ਐੱਨਡੀਏ ਨੇ 32 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਜਦਕਿ ਉਸ ਵੇਲੇ ਯੂਪੀਏ ਨੇ ਨੌਂ ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਬਾਕੀ ਸੀਟਾਂ ’ਤੇ ਦੂਜੀਆਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਸੀ। ਫ਼ਿਲਹਾਲ ਦੋਵੇਂ ਗੱਠਜੋੜਾਂ ਨੇ ਇਸ ਵਾਰ ਆਪਣੀ ਜਿੱਤ ਦੇ ਅੰਕੜੇ ਨੂੰ ਵਧਾਉਣ ਲਈ ਪੂਰੀ ਤਾਕਤ ਲਾਈ ਹੋਈ ਹੈ। ਹਾਲਾਂਕਿ ਇਸ ਵਾਰ ਸਭ ਤੋਂ ਰੁਮਾਂਚਕ ਚੋਣ ਮੁਕਾਬਲਾ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਚਾਰ ਮੁੱਖ ਪਾਰਟੀਆਂ ਭਾਵ ਆਪ, ਭਾਜਪਾ, ਕਾਂਗਰਸ ਤੇ ਅਕਾਲੀ ਦਲ ਮੈਦਾਨ ਵਿਚ ਹਨ। ਸਾਰੀਆਂ ਇਸ ਵਾਰ ਵੱਖ-ਵੱਖ ਚੋਣ ਲੜ ਰਹੀਆਂ ਹਨ।