ਮੋਦੀ ਦੀਆਂ ਰੈਲੀਆਂ ਨਾਲ ਭਾਜਪਾ ਦੀਆਂ ਉਮੀਦਾਂ ਮਜ਼ਬੂਤ, ਮੋਦੀ, ਸ਼ਾਹ ਤੇ ਰਾਜਨਾਥ ਦੀਆਂ ਰੈਲੀਆਂ ਮਗਰੋਂ ਉਮੀਦਵਾਰਾਂ ਦਾ ਵਧਿਆ ਹੌਸਲਾ

ਜਲੰਧਰ : ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਇਕ ਜੂਨ ਨੂੰ ਪੰਜਾਬ ਵਿਚ ਪੋਲਿੰਗ ਹੋਣੀ ਹੈ। ਇਕ ਜੂਨ ਹੀ ਉਹ ਤਰੀਕ ਹੈ, ਜਦੋਂ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫ਼ੌਜੀ ਕਾਰਵਾਈ ਹੋਈ ਸੀ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਹਰ ਰੈਲੀ, ਰੋਡ ਸ਼ੋਅ ਵਿਚ ਕਹਿ ਰਹੇ ਹਨ ਕਿ ਇਕ ਜੂਨ ਨੂੰ ਜਦੋਂ ਈਵੀਐੱਮ ਦਾ ਬਟਨ ਦਬਾਉਣਾ ਤਾਂ 1984 ਨੂੰ ਕਤੱਈ ਨਾ ਭੁੱਲਣਾ। ਉਹ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਵੀ ਲੋਕਾਂ ਨੂੰ ਦਿਖਾਉਂਦੇ ਹਨ। 2019 ਦੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿਚ ਇਸ ਵਾਰ ਪੰਜਾਬ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਵਿਚ ਸੀਟਾਂ ਜਿੱਤਣ ਤੋਂ ਵੱਧ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਚਿੰਤਾ ਕਰ ਰਹੀਆਂ ਹਨ। ਮੁੱਦਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਨਾਲ ਲੱਗਦੇ ਸੂਬੇ ਦੀ ਸੰਵੇਦਨਸ਼ੀਲਤਾ ਨੂੰ ਨਜ਼ਰਅੰਦਾਜ਼ ਕਰ ਕੇ ਸਿਆਸੀ ਪਾਰਟੀਆਂ ਕੌਮੀ ਸੁਰੱਖਿਆ ਜਿਹੇ ਮੁੱਦਿਆਂ ਨੂੰ ਦਰਕਿਨਾਰ ਕਰ ਰਹੀਆਂ ਹਨ। ਦੋਸ਼ਾਂ ਤੇ ਜਵਾਬੀ ਦੋਸ਼ਾਂ ਤੋਂ ਲੈ ਕੇ ਨਿੱਜੀ ਹਮਲੇ ਵੀ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨਾਂ ਵਿਚ ਆਪਣੀਆਂ ਤਿੰਨ ਰੈਲੀਆਂ ਵਿਚ ਹੋਰ ਪਾਰਟੀਆਂ ਨੂੰ ਅਹਿਮ ਮੁੱਦਿਆਂ ’ਤੇ ਚਰਚਾ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਮਜ਼ਬੂਤ ਭਲਵਾਨ ਆਪਣੇ ਮੁਕਾਬਲੇਬਾਜ਼ ਨੂੰ ਅਖਾੜੇ ਵਿਚ ਰਹਿ ਕੇ ਲੜਨ ਲਈ ਮਜਬੂਰ ਕਰਦਾ ਹੈ। ਉਨ੍ਹਾਂ ਨੇ ਜਿਵੇਂ ਪੰਜਾਬ ਵਿਚ ਨਸ਼ੇ ਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਹਮਲੇ ਕੀਤੇ ਹਨ ਅਤੇ ਸਿੱਖਾਂ ਨੂੰ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਤੇ ਵਾਰਾਨਸੀ ਵਿਚ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਜੋੜਿਆ, ਉਸ ਨਾਲ ‘ਆਪ’ ਕਾਂਗਰਸ ਤੇ ਅਕਾਲੀ ਦਲ (ਬ) ਨੂੰ ਚਿੰਤਾ ਸਤਾ ਰਹੀ ਹੈ ਕਿ ਕਿਤੇ ਉਸ ਦੇ ਵੋਟ ਬੈਂਕ ਵਿਚ ਭਾਜਪਾ ਸੰਨ੍ਹਮਾਰੀ ਨਾ ਕਰ ਦੇਵੇ।

Leave a Reply

Your email address will not be published. Required fields are marked *