ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ‘ਚ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕਾਂਗਰਸ ਨੇਤਾ ਸੋਨੀਆ ਗਾਂਧੀ, ਬੰਸੂਰੀ ਸਵਰਾਜ ਸਮੇਤ ਕਈ ਵੱਡੇ ਨੇਤਾ ਵੋਟਿੰਗ ਬੂਥ ‘ਤੇ ਪਹੁੰਚੇ ਅਤੇ ਵੋਟ ਪਾਈ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਪਹੁੰਚੇ ਅਤੇ ਕਤਾਰ ‘ਚ ਖੜ੍ਹੇ ਹੋ ਕੇ ਕਰੀਬ 20 ਮਿੰਟ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। ਇਸ ਤੋਂ ਬਾਅਦ ਜਦੋਂ ਵਿਦੇਸ਼ ਮੰਤਰੀ ਦੀ ਵਾਰੀ ਆਈ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿੱਚ ਨਹੀਂ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਪੋਲਿੰਗ ਬੂਥ ਤੋਂ ਘਰ ਪਰਤਣਾ ਪਿਆ।
ਜਾਣਕਾਰੀ ਮੁਤਾਬਕ ਵਿਦੇਸ਼ ਮੰਤਰੀ ਨੂੰ ਪੋਲਿੰਗ ਸੈਂਟਰ ‘ਤੇ ਸੂਚਨਾ ਮਿਲੀ ਕਿ ਉਨ੍ਹਾਂ ਨੂੰ ਵੋਟਿੰਗ ਲਈ ਕਿਸੇ ਹੋਰ ਕੇਂਦਰ ‘ਚ ਜਾਣਾ ਪਵੇਗਾ। ਉਹ ਆਪਣੀ ਪਤਨੀ ਨਾਲ ਤੁਗਲਕ ਲੇਨ ਸਥਿਤ ਅਟਲ ਆਦਰਸ਼ ਵਿਦਿਆਲਿਆ ‘ਚ ਵੋਟ ਪਾਉਣ ਪਹੁੰਚੇ ਸਨ। ਪਰ ਦੋਵਾਂ ਦਾ ਨਾਂ ਸੂਚੀ ਵਿੱਚ ਨਹੀਂ ਸੀ। ਇਸ ਤੋਂ ਬਾਅਦ ਉਹ ਦੂਜੇ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਵੋਟ ਪਾਈ। ਇਸ ਦੌਰਾਨ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਪਹਿਲੇ ਪੁਰਸ਼ ਵੋਟਰ ਹੋਣ ਦਾ ਸਰਟੀਫਿਕੇਟ ਵੀ ਦਿੱਤਾ ਗਿਆ।