ਮੋਗਾ: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਏਸੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32ੁ ਡਿਗਰੀ ਸੈਲਸੀਅਸ ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਉਨ੍ਹਾਂ ਆਪਣੀ ਜੀਪ ਉੱਤੇ ਛੱਤ ਪਾਈ ਹੋਈ ਹੈ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ-ਦਰਦ ਨੂੰ ਕਿਵੇਂ ਸਮਝਣਗੇ।
ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਮੋਗਾ ਦੇ ਪ੍ਰਤਾਪ ਰੋਡ ’ਤੇ ਰੋਡ ਸ਼ੋਅ ਕਰਨ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਕਿਹਾ, ‘ਤੁਹਾਡਾ ਪਿਆਰ ਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ।’ ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਕਰਮਜੀਤ ਉਨ੍ਹਾਂ ਦਾ ਛੋਟਾ ਭਰਾ ਤੇ ਬਚਪਨ ਦਾ ਦੋਸਤ ਹੈ। ਉਹ ਇਕੱਠੇ ਪੜ੍ਹਦੇ ਸਨ, ਮਿਲ ਕੇ ਕਲਾਕਾਰੀ ਵਿਚ ਅੱਗੇ ਵਧੇ।