ਐਡਮਿੰਟਨ ਵਿਖੇ ਬਾਰਿਸ਼ ਦੇ ਬਾਵਜੂਦ ਵਿਸਾਖੀ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤ ਹੋਈ ਸ਼ਾਮਲ, ਖਾਲਸਾਈ ਰੰਗ ‘ਚ ਰੰਗਿਆ ਗਿਆ ਸ਼ਹਿਰ

ਐਡਮਿੰਟਨ: ਐਡਮਿੰਟਨ ‘ਚ ਕਰਵਾਏ ਗਏ 24ਵੇਂ ਸਲਾਨਾ ਵਿਸਾਖੀ ਨਗਰ ਕੀਰਤਨ ‘ਚ ਬਾਰਿਸ਼ ਦੇ ਬਾਵਜੂਦ ਵੱਡੀ ਸੰਖਿਆ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਵਾਰ ਨਗਰ ਕੀਰਤਨ ਗੁਰਦੁਆਰਾ ਮਿਲਵੁੱਡਸ ਤੋਂ ਆਰੰਭ ਹੋਇਆ। ਜਿਉਂ- ਜਿਉਂ ਨਗਰ ਕੀਰਤਨ ਅੱਗੇ ਵਧਦਾ ਗਿਆ ਤਿਵੇਂ ਤਿਵੇਂ ਸੰਗਤ ਦੀ ਗਿਣਤੀ ਵਧਦੀ ਗਈ। ਪਾਲਕੀ ਸਾਹਿਬ ਦੇ ਅੱਗੇ ਗੱਤਕੇ ਦੇ ਜੌਹਰੀ ਜੌਹਰ ਦਿਖਾ ਰਹੇ ਸਨ। ਇਸ ਨਗਰ ਕੀਰਤਨ ‘ਚ ਸੰਗਤ ਵਿਚ ਨਾ ਕੇਵਲ ਐਡਮਿੰਟਨ ਦੀ ਸੰਗਤ ਸ਼ਾਮਲ ਸੀ ਸਗੋਂ ਟੋਰਾਂਟੋ, ਬੀ ਸੀ, ਕੈਲਗਰੀ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਇਲਾਵਾ ਪੰਜਾਬ ਤੋਂ ਵੀ ਕਾਫੀ ਸੰਗਤ ਸ਼ਾਮਲ ਹੋਈ। ਸੰਗਤ ‘ਚ ਕੇਸਰੀ ਰੰਗ ‘ਚ ਦਸਤਾਰਾਂ ਬੰਨ੍ਹ ਕੇ ਸਜੇ ਹੋਏ ਆਦਮੀਆਂ ਤੇ ਔਰਤਾਂ ਨੂੰ ਦੇਖ ਕੇ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਪੂਰਾ ਐਡਮਿੰਟਨ ਖਾਲਸਾਈ ਰੰਗ ਵਿਚ ਰੰਗਿਆ ਗਿਆ ਹੋਵੇ। ਦੁਪਹਿਰ 12 ਵਜੇ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬਾਅਦ ਦੁਪਹਿਰ ਪੌਣੇ 2 ਵਜੇ ਟੀ. ਡੀ. ਬੇਕਰ ਸਕੂਲ ਦੇ ਗਰਾਉਂਡ ਵਿਖੇ ਪਹੁੰਚਿਆ ਜਿਥੇ ਬਹੁਤ ਵੱਡੀ ਸਟੰਜ ਸਜਾਈ ਗਈ ਸੀ। ਖਾਸ ਗੱਲ ਇਹ ਹੈ ਕਿ ਸਟੇਜ ਤੋਂ ਕੇਵਲ ਧਾਰਮਿਕ ਪ੍ਰੋਗਰਾਮ ਹੀ ਪੇਸ਼ ਕੀਤਾ ਗਿਆ ਕਿਸੇ ਵੀ ਸਿਆਸੀ ਨੇਤਾ ਨੂੰ ਸਟੇਜ ‘ਤੇ ਸਿਆਸੀ ਤਕਰੀਰ ਦੇਣ ਦੀ ਮਨਾਹੀ ਸੀ। ਸਕੂਲ ਦੀ ਗਰਾਉਂਡ ‘ਚ ਵੱਖ- ਵੱਖ ਕਿਸਮਾਂ ਦੇ 70 ਸਟਾਲ ਸੰਗਤ ਵੱਲੋਂ ਲਗਾਏ ਗਏ ਸਨ ਜਿਸ ਵਿਚ ਸ਼ਰਧਾ ਨਾਲ ਸੰਗਤ ਨੂੰ ਭੋਜਨ ਤੇ ਹੋਰ ਆਈਟਮਜ਼ ਵੀ ਵਰਤਾਈਆਂ ਗਈਆਂ। ਸੰਗਤ ਵਿਚ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਪੁਲਿਸ ਤੇ ਹੋਰ ਵਲੰਟੀਅਰ ਤਾਇਨਾਤ ਕੀਤੇ ਗਏ ਸਨ। ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਫਸਟ ਏਡ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਟੀ. ਡੀ ਬੇਕਰ ਦੀ ਗਰਾਉਂਡ ਤੋਂ ਬਾਅਦ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਲਈ ਰਵਾਨਾ ਹੋਇਆ ਜਿਥੇ ਪਹੁੰਚ ਕੇ ਇਹ ਨਗਰ ਕੀਰਤਨ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ।

Leave a Reply

Your email address will not be published. Required fields are marked *