ਪਟਿਆਲਾ, ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਅੱਜ ਦਾ ਕਿਸਾਨ ਪ੍ਰੇਸ਼ਾਨ ਹੈ ਅਤੇ ਪੰਜਾਬ ਦਾ ਹਰ ਬੱਚਾ ਉਸ ਦੀ ਸਮੱਸਿਆ ਨਾਲ ਸਹਿਮਤ ਹੈ ਪਰ ਹੁਣ ਸਾਰਾ ਧਿਆਨ ਵਿਰੋਧ ਕਰਨ ’ਤੇ ਨਹੀਂ ਸਗੋਂ ਮਸਲਾ ਹੱਲ ਕਰਨ ’ਤੇ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਭਗਵੰਤ ਮਾਨ ਇਸ ਮਸਲੇ ਵਿਚ ਸ਼ਾਮਲ ਨਾ ਹੋਏ ਹੁੰਦੇ ਤਾਂ ਕਿਸਾਨੀ ਮਸਲਾ ਕਦੋਂ ਦਾ ਹੱਲ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੇ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਵਕੀਲ ਨਾ ਬਣਾਇਆ ਹੁੰਦਾ ਤਾਂ ਕਿਸਾਨਾਂ ਦਾ ਧਰਨਾ ਹੁਣ ਤੱਕ ਕਦੋਂ ਦਾ ਖ਼ਤਮ ਹੋ ਜਾਣਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਉਹ ਜਲਦੀ ਹੀ ਪ੍ਰੈੱਸ ਕਾਨਫਰੰਸ ਰਾਹੀਂ ਲੋਕਾਂ ਸਾਹਮਣੇ ਆਪਣੇ ਸੁਝਾਅ ਪੇਸ਼ ਕਰਨਗੇ। ਉਹ ਅੱਜ ਇੱਥੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਤੀ ਹਰ ਵਰਗ ਵਿੱਚ ਗੁੱਸਾ ਹੈ ਅਤੇ ਲੋਕ ਇਸ ਗੁੱਸੇ ਨੂੰ ਮਨਪਸੰਦ ਪਾਰਟੀ ਨੂੰ ਵੋਟ ਪਾ ਕੇ ਸ਼ਾਂਤ ਕਰਨਗੇ। ਇਸ ਮੌਕੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਕਿਸਾਨ ਖ਼ੁਦ ਜਾਣਦੇ ਹਨ ਕਿ ਭਾਜਪਾ ਨੇ ਕਿਸਾਨਾਂ ਲਈ ਕੀ ਕੀਤਾ ਹੈ। ਮੀਟਿੰਗ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੇ ਯਤਨ ਜਾਰੀ ਹਨ।