ਜਲੰਧਰ : ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ (Mohinder Singh Kaypee) ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਚ ਸ਼ਾਮਲ ਕਰਨ ਲਈ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਤੇ ਪਾਰਟੀ ਦਾ ਹਿੱਸਾ ਬਣਾਇਆ। ਕੇਪੀ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਇਸ ਮੌਕੇ ਕੇਪੀ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਟਕਸਾਲੀ ਪਰਿਵਾਰ ਨੂੰ ਲਗਾਤਾਰ ਅਣਗੌਲਿਆ ਜਿਸ ਕਾਰਨ ਉਨ੍ਹਾਂ ਇਹ ਫੈਸਲਾ ਲਿਆ।
ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੁਪਹਿਰ ਬਾਅਦ ਮਹਿੰਦਰ ਸਿੰਘ ਕੇਪੀ ਦੇ ਜਲੰਧਰ ਸਥਿਤ ਘਰ ਪੁੱਜੇ। ਕੇਪੀ ਦੇ ਅਕਾਲੀ ਦਲ ‘ਚ ਸ਼ਾਮਿਲ ਹੋਣ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਕੇਪੀ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਨ ਉੱਥੇ ਹੀ ਪਹਿਲਾਂ ਹੀ ਚੌਧਰੀ ਪਰਿਵਾਰ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਕਾਂਗਰਸ ਨੂੰ ਛੱਡ ਭਾਜਪਾ ‘ਚ ਸ਼ਾਮਿਲ ਹੋ ਚੁੱਕੀ ਹੈ।