ਕੇਂਦਰੀ ਮੰਤਰੀ ਦੀ ਗ੍ਰਿਫਤਾਰੀ ਦੇ ਹੁਕਮ, ਜਨ ਆਸ਼ੀਰਵਾਦ ਰੈਲੀ ‘ਚ ਅਪਸ਼ਬਦਾਂ ‘ਤੇ ਘਿਰੇ ਮੋਦੀ ਦੇ ਮੰਤਰੀ

thakre/nawanpunjab.com

ਨਾਸਿਕ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ‘ਤੇ ਜਨ ਆਸ਼ੀਰਵਾਦ ਯਾਤਰਾ ਦੌਰਾਨ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਨਾਸਿਕ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ ਜਾਰੀ ਕੀਤੇ ਗਏ ਹਨ।
ਇਲਜ਼ਾਮ ਹੈ ਕਿ ਨਾਰਾਇਣ ਰਾਣੇ ਨੇ ਮੁੱਖ ਮੰਤਰੀ ਊਧਵ ਨੂੰ ਅਪਸ਼ਬਦ ਕਹੇ ਸਨ। ਇਸ ਤੋਂ ਬਾਅਦ ਸ਼ਿਵ ਸੈਨਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਨਾਸਿਕ ਅਪਰਾਧ ਸ਼ਾਖਾ ਨੂੰ ਚਿਪਲੂਨ ਜਾ ਕੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਦਰਅਸਲ, ਜਦੋਂ ਤੋਂ ਨਾਰਾਇਣ ਰਾਣੇ ਦੀ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਹੋਈ ਹੈ, ਸ਼ਿਵ ਸੈਨਾ ਉਨ੍ਹਾਂ ‘ਤੇ ਹਮਲਾਵਰ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਜਨ ਅਸ਼ੀਰਵਾਦ ਯਾਤਰਾ ਕੱਢ ਰਹੇ ਕਾਰਕੁਨਾਂ ਵਿਰੁੱਧ ਲਗਪਗ 22 ਕੇਸ ਦਰਜ ਕੀਤੇ ਸਨ।
ਬੀਤੇ ਦਿਨੀਂ ਜਨ ਅਸ਼ੀਰਵਾਦ ਯਾਤਰਾ ਕੋਕਰ ਦੇ ਮਹਾਡ ਖੇਤਰ ਵਿੱਚ ਪਹੁੰਚੀ। ਇੱਥੇ ਨਰਾਇਣ ਰਾਣੇ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਊਧਵ ਬਾਰੇ ਅਪਸ਼ਬਦ ਕਹੇ। ਇਹ ਇਲਾਕਾ ਸ਼ਿਵ ਸੈਨਾ ਦਾ ਗੜ੍ਹ ਮੰਨਿਆ ਜਾਂਦਾ ਹੈ।

ਸ਼ੇਰ ਦੇ ਵਾੜੇ ‘ਚ ਜਾਣ ਦੀ ਹਿੰਮਤ ਨਾ ਕਰੋ – ਨਿਤੇਸ਼ ਰਾਣੇ
ਇਸ ਮਾਮਲੇ ‘ਚ ਸ਼ਿਵ ਸੈਨਾ ਹੁਣ ਕੇਂਦਰੀ ਮੰਤਰੀ ਰਾਣੇ ‘ਤੇ ਹਮਲਾਵਰ ਹੈ ਤੇ ਪਾਰਟੀ ਨੇ ਨਾਸਿਕ ‘ਚ ਮੁੱਖ ਮੰਤਰੀ ਦਾ ਅਪਮਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਤੋਂ ਬਾਅਦ ਨਰਾਇਣ ਰਾਣੇ ਦੇ ਪੁੱਤਰ ਨਿਤੇਸ਼ ਰਾਣੇ ਨੇ ਟਵੀਟ ਕੀਤਾ, “ਯੁਵਾ ਸੈਨਾ ਦੇ ਮੈਂਬਰਾਂ ਨੂੰ ਸਾਡੇ ਜੁਹੂ ਘਰ ਦੇ ਬਾਹਰ ਇਕੱਠੇ ਹੋਣ ਲਈ ਕਿਹਾ ਗਿਆ ਹੈ। ਜਾਂ ਤਾਂ ਮੁੰਬਈ ਪੁਲਿਸ ਉਨ੍ਹਾਂ ਨੂੰ ਉੱਥੇ ਆਉਣ ਤੋਂ ਰੋਕੇ, ਨਹੀਂ ਤਾਂ ਜੋ ਵੀ ਹੁੰਦਾ ਹੈ, ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਤੁਸੀਂ ਸ਼ੇਰ ਦੇ ਵਾੜੇ ‘ਚ ਜਾਣ ਦੀ ਹਿੰਮਤ ਨਾ ਕਰੋ! ਅਸੀਂ ਉਡੀਕ ਕਰਾਂਗੇ!”

ਕੋਰੋਨਾ ਨਿਯਮਾਂ ਦੀ ਉਲੰਘਣਾ ਲਈ ਆਯੋਜਕਾਂ ਖਿਲਾਫ ਮਾਮਲਾ ਦਰਜ
ਇੰਨਾ ਹੀ ਨਹੀਂ, ਪਾਲਘਰ ਜ਼ਿਲ੍ਹੇ ਦੇ ਵਸਾਈ ਤੇ ਵਿਰਾਰ ਖੇਤਰਾਂ ਵਿੱਚ ਨਰਾਇਣ ਰਾਣੇ ਦੀ ‘ਜਨ ਆਸ਼ੀਰਵਾਦ ਯਾਤਰਾ’ ਦੇ ਆਯੋਜਕਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਯਾਤਰਾ ਸ਼ਨੀਵਾਰ ਨੂੰ ਆਯੋਜਿਤ ਕੀਤੀ ਗਈ ਸੀ ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਅਤੇ ਮਨਾਹੀ ਦੇ ਆਦੇਸ਼ਾਂ ਨਾਲ ਸਬੰਧਤ ਮਾਮਲੇ ਮਾਨਿਕਪੁਰ, ਤੁਲਿੰਜ, ਕਾਸ਼ੀਮੀਰਾ, ਵਾਲਿਵ, ਵਸਾਈ ਤੇ ਵਿਰਾਰ ਥਾਣਿਆਂ ਵਿੱਚ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਯੋਜਕਾਂ ਦੇ ਵਿਰੁੱਧ ਭਾਰਤੀ ਦੰਡ ਸੰਹਿਤਾ (ਆਈਪੀਸੀ), ਮਹਾਂਮਾਰੀ ਰੋਗ ਐਕਟ ਤੇ ਆਫ਼ਤ ਪ੍ਰਬੰਧਨ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।

Leave a Reply

Your email address will not be published. Required fields are marked *