ਲੁਧਿਆਣਾ ’ਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਕਿਸਾਨ ਸਮਰਥਕਾਂ ਨੇ ਕੀਤਾ ਵਿਰੋਧ, ਦਿੱਤਾ ਅਲਟੀਮੇਟਮ

akshey/nawanpunjb.com

ਲੁਧਿਆਣਾ, 23 ਅਗਸਤ (ਦਲਜੀਤ ਸਿੰਘ)- ਅਕਸ਼ੈ ਕੁਮਾਰ ਦੀ ਫ਼ਿਲਮ ‘ਬੈੱਲ ਬੌਟਮ’ ਦਾ ਕਿਸਾਨ ਸਮਰਥਕਾਂ ਅਤੇ ਕੁਝ ਨੌਜਵਾਨਾਂ ਵੱਲੋਂ ਪੰਜਾਬ ’ਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਲੁਧਿਆਣਾ ਦੇ ਪੈਵੇਲੀਅਨ ਮਾਲ ’ਚ ਵੀ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ ਕਰਨ ਲਈ ਕੁਝ ਕਿਸਾਨ ਸਮਰਥਕ ਅਤੇ ਨੌਜਵਾਨ ਪਹੁੰਚੇ, ਜਿਨ੍ਹਾਂ ਨੇ ਫਿਲਮ ਬੈਨ ਕਰਨ ਦੀ ਮੰਗ ਕੀਤੀ ਅਤੇ ਦੋ ਦਿਨ ਦਾ ਅਲਟੀਮੇਟਮ ਦੇ ਕੇ ਕਿਹਾ ਕਿ ਜੇਕਰ ਫਿਲਮ ’ਤੇ ਪਾਬੰਦੀ ਨਹੀਂ ਲਗਾਈ ਗਈ ਤਾਂ ਉਹ ਇਸ ਦਾ ਜ਼ੋਰਦਾਰ ਵਿਰੋਧ ਕਰਨਗੇ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਹਾਲਾਂਕਿ ਇਸ ਦੌਰਾਨ ਪੁਲਸ ਫੋਰਸ ਵੀ ਮੌਕੇ ’ਤੇ ਮੌਜੂਦ ਰਹੀ, ਜਿਨ੍ਹਾਂ ਨੇ ਆ ਕੇ ਕਿਸਾਨਾਂ ਨੂੰ ਰੋਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧ ਕਰ ਰਹੇ ਨੌਜਵਾਨ ਨੇ ਕਿਹਾ ਕਿ ਅਕਸ਼ੈ ਕੁਮਾਰ ਪੰਜਾਬੀ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੱਕ ’ਚ ਕਦੇ ਵੀ ਨਹੀਂ ਬੋਲੇ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਮਚਾਗਿਰੀ ਕਰਦੇ ਹਨ, ਜਿਸ ਕਰਕੇ ਪੰਜਾਬ ’ਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਆਪਣਾ ਵਿਰੋਧ ਜਾਰੀ ਰੱਖਣਗੇ ਅਤੇ ਆਉਂਦੇ ਦਿਨਾਂ ’ਚ ਜੇਕਰ ਇਸ ਫਿਲਮ ’ਤੇ ਪਾਬੰਦੀ ਨਹੀਂ ਲਗਾਈ ਗਈ ਅਤੇ ਲੁਧਿਆਣਾ ਤੋਂ ਹੀ ਫ਼ਿਲਮ ਨਹੀਂ ਹਟਾਈ ਗਈ ਤਾਂ ਇਸ ਲਈ ਉਹ ਸਖ਼ਤ ਕਦਮ ਚੁੱਕਣਗੇ, ਜਿਸ ਲਈ ਲੁਧਿਆਣਾ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਹਾਲਾਂਕਿ ਇਸ ਦੌਰਾਨ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਅੱਜ ਪੈਵੇਲੀਅਨ ਮਾਲ ਦੇ ਬਾਹਰ ਜੋ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਉਹ ਕਿਸੇ ਫ਼ਿਲਮ ਦੇ ਖ਼ਿਲਾਫ਼ ਸੀ ਅਤੇ ਮਾਲ ’ਚ ਕਿਸਾਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ।

Leave a Reply

Your email address will not be published. Required fields are marked *