ਸੰਗਰੂਰ, 29 ਫਰਵਰੀ
ਇਥੋਂ ਦੀ ਪੁਲੀਸ ਦੇ ਸਾਈਬਰ ਕ੍ਰਾਈਮ ਯੂਨਿਟ ਵੱਲੋਂ ਸ਼ੇਅਰ ਮਾਰਕੀਟ ਵਿਚ ਪੈਸਾ ਲਗਵਾਉਣ ਦਾ ਝਾਂਸਾ ਦੇ ਕੇ 1 ਕਰੋੜ 28 ਲੱਖ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਛੱਤੀਸਗੜ੍ਹ ਤੋਂ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬ੍ਰਿਜ ਮੋਹਨ ਨਾਲ ਫੋਨ ਜ਼ਰੀਏ ਸੰਪਰਕ ਕਰਕੇ ਸ਼ੇਅਰ ਮਾਰਕੀਟ ਵਿਚ ਪੈਸਾ ਲਗਵਾਉਣ ਦਾ ਭਰੋਸਾ ਦਿੱਤਾ ਗਿਆ। ਅਗਸਤ 2023 ਤੋਂ ਲਗਾਤਾਰ ਪੈਸਾ ਕਿਸ਼ਤਾਂ ਵਿਚ ਬੈਂਕ ਖਾਤਿਆਂ ਵਿਚ ਪਵਾਉਂਦੇ ਰਹੇ, ਜਦੋਂ ਬ੍ਰਿਜ ਮੋਹਨ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਤਸਦੀਕ ਕਰਨ ’ਤੇ ਠੱਗੀ ਦਾ ਪਤਾ ਲੱਗਿਆ। ਪੁਲੀਸ ਨੇ ਕੇਸ ਦਰਜ ਕਰਕੇ ਛੱਤੀਸਗੜ੍ਹ ਤੋਂ ਦੋ ਜਣਿਆਂ ਆਕਾਸ਼ ਬਜਾਜ ਅਤੇ ਤਰੁਣ ਧਰਮਦਸਾਨੀ ਵਾਸੀ ਛੱਤੀਸਗੜ੍ਹ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ 30 ਲੱਖ ਰੁਪਏ ਵਾਪਸ ਵੀ ਕਰਵਾ ਦਿੱਤੇ ਹਨ। ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਇੰਸਪੈਕਟਰ ਹਰਜੀਤ ਕੌਰ ਇੰਚਾਰਜ ਸਾਈਬਰ ਕ੍ਰਾਈਮ ਬਰਾਂਚ ਸੰਗਰੂਰ ਮੌਜੂਦ ਸਨ।