ਮੌਤ ਉਪਰੰਤ ਵਿਦੇਸ਼ਾਂ ‘ਚੋਂ ਲਾਸ਼ ਵਾਪਸ ਲਿਆਉਣ ਦੀ ਪ੍ਰੀਕਿਰਿਆ ਨੂੰ ਸਸਤਾ ਤੇ ਸਰਲ ਬਣਾਉਣ ਦੀ ਮੰਗ, ਵੜਿੰਗ ਨੇ ਵਿਦੇਸ਼ ਮੰਤਰਾਲੇ ਨੂੰ ਸੌਂਪਿਆ ਮੰਗ ਪੱਤਰ

ਲੁਧਿਆਣਾ : ਵਿਦੇਸ਼ਾ ਵਿੱਚੋਂ ਮੌਤ ਉਪਰੰਤ ਲਾਸ਼ ਵਾਪਸ ਲਿਆਉਣ ਦੀ ਪ੍ਰੀਕਿਰਿਆ ਨੂੰ ਸਸਤਾ ਤੇ ਸਰਲ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਅਤੇ ਕੰਮ ਲਈ ਕੈਨੇਡਾ, ਯੂਕੇ ਆਦਿ ਦੇਸ਼ਾਂ ਵਿੱਚ ਗਏ ਹੋਏ ਹਨ ਜਿੱਥੇ ਉਹਨਾਂ ਦੀ ਕਿਸੇ ਹਾਦਸੇ ਕਾਰਨ ਜਾਂ ਅਚਾਨਕ ਮੌਤ ਹੋਣ ’ਤੇ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰ ਤਾਂ ਪਹਿਲਾਂ ਹੀ ਸਦਮੇ ਵਿੱਚ ਹੁੰਦਾ ਹੈ ਅਤੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਪਰਿਵਾਰ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪਰਿਵਾਰ ਕੋਲ ਮ੍ਰਿਤਕ ਦੇਹ ਨੂੰ ਲਿਆਉਣ ਲਈ ਪੈਸੇ ਵੀ ਨਹੀਂ ਹੁੰਦੇ ਜਿਸ ਕਾਰਨ ਪਰਿਵਾਰ ਵੱਡੀ ਪਰੇਸ਼ਾਨੀ ਵਿਚ ਫ਼ਸ ਜਾਂਦਾ ਹੈ।

ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਲੁਧਿਆਣਾ ਦੇ ਕੈਨਾਲ ਵਿਊ ਇਨਕਲੇਵ ਦੇ ਵਾਸੀ ਬਲਵਿੰਦਰ ਨੀਵੀਆ ਦੇ ਪੁੱਤਰ ਰੋਹਨਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ। ਜਦੋਂ ਉਹਨਾਂ ਦਾ ਪਰਿਵਾਰ ਮੈਨੂੰ ਮਿਲਿਆ ਤਾਂ ਉਨ੍ਹਂ ਇਸ ਬਾਰੇ ਐੱਮਪੀ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ। ਤੁਰੰਤ ਕਾਰਵਾਈ ਕਰਦੇ ਹੋਏ ਰਾਜਾ ਵੜਿੰਗ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵਿਦੇਸ਼ ਦੌਰੇ ’ਤੇ ਗਏ ਹੋਣ ਕਰਕੇ ਵੜਿੰਗ ਵੱਲੋਂ ਮੰਗ ਪੱਤਰ ਉਹਨਾਂ ਦੇ ਪੀਏ ਮਿਸਟਰ ਪਾਂਡੇ ਨੂੰ ਸੌਂਪਿਆ ਗਿਆ ਜਿਸ ਵਿੱਚ ਰੋਹਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਅਤੇ ਮੌਤ ਉਪਰੰਤ ਲਾਸ਼ ਵਾਪਸ ਲਿਆਉਣ ਦੀ ਪ੍ਰੀਕਿਰਿਆ ਨੂੰ ਸਸਤਾ ਅਤੇ ਸਰਲ ਬਣਾਉਣ ਦੀ ਮੰਗ ਕੀਤੀ ਗਈ। ਵਿਦੇਸ਼ ਮੰਤਰੀ ਦੇ ਪੀਏ ਨੇ ਵੜਿੰਗ ਨੂੰ ਭਰੋਸਾ ਦਿਵਾਇਆ ਕਿ ਰੋਹਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ ਅਤੇ ਇਸ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਉਣ ਲਈ ਯਤਨ ਕੀਤੇ ਜਾਣਗੇ।

Leave a Reply

Your email address will not be published. Required fields are marked *