ਫਿਲੌਰ, 28 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਸਮਾਗਮ ਦੌਰਾਨ ਪੰਜਾਬ ਦੇ ਥਾਣਾ ਮੁਖੀਆਂ ਲਈ ਨਵੀਂਆਂ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੱਡੀਆਂ ਤਾਂ ਖਰੀਦੀਆਂ ਪਰ ਉਹ ਗੱਡੀਆਂ ਸਿਰਫ ਐੱਸਐੱਸਪੀ ਜਾਂ ਸੀਨੀਅਰ ਅਫਸਰਾਂ ਨੂੰ ਹੀ ਦਿੱਤੀਆਂ ਜਾਂਦੀਆਂ ਸਨ, ਜਦੋਂ ਗੱਡੀ ਦੀ ਮੁਰੰਮਤ ਦੀ ਲੋੜ ਹੁੰਦੀ ਸੀ ਤਾਂ ਇਹ ਗੱਡੀਆਂ ਹੇਠਲੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਸਨ। ਗੱਡੀ ਜਦੋਂ ਤੱਕ ਐੱਸਐੱਚਓ ਦੇ ਕੋਲ ਪਹੁੰਚਦੀ ਸੀ, ਉਦੋਂ ਵੇਲੇ ਤੱਕ ਉਸ ਦੀ ਹਾਲਤ ਵਿਗੜ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਜਿਸ ਅਫਸਰ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਮਗਰ ਪੈਣਾ ਹੈ, ਉਸ ਕੋਲ ਉਨ੍ਹਾਂ ਨੂੰ ਫੜਨ ਲਈ ਸਹੀ ਢੰਗ ਦੀ ਗੱਡੀ ਵੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਡੀਜੀਪੀ ਨੂੰ ਇਸ ਸ਼ਰਤ ‘ਤੇ ਵਾਹਨ ਖਰੀਦਣ ਲਈ ਕਿਹਾ ਸੀ ਕਿ ਇਹ ਵਾਹਨ ਸਿਰਫ਼ ਐੱਸਐੱਚਓ ਪੱਧਰ ਦੇ ਅਧਿਕਾਰੀਆਂ ਨੂੰ ਦਿੱਤੇ ਜਾਣਗੇ, ਜਿਸ ਨਾਲ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ। ਥਾਣਾ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸਿਰਫ਼ ਗੱਡੀਆਂ ‘ਚ ਹੀ ਨਹੀਂ ਸਗੋਂ ਹਥਿਆਰਾਂ, ਤਕਨੀਕ ਸਮੇਤ ਹਰ ਪਾਸਿਓ ਅਪਗਰੇਡ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਜ 410 ਹਾਈਟੈੱਕ ਗੱਡੀਆਂ ਨੂੰ ਰਵਾਨਾ ਕੀਤਾ। ਜਿਸ ਵਿੱਚ ਪੰਜਾਬ ਦੇ ਥਾਣਿਆਂ ਦੇ ਐੱਸਐੱਚਓਜ਼ ਦੀਆਂ 315 ਗੱਡੀਆਂ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਡੀਜੀਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ 315 ਐੱਸਐਚੱਓ ਇੱਕ ਛੱਤ ਹੇਠਾਂ ਇਕੱਠੇ ਹੋਏ ਹਨ। ਡੀਜੀਪੀ ਨੇ ਦੱਸਿਆ ਕਿ ਅਗਲੇ ਸਾਲ 800 ਤੋਂ ਵੱਧ ਹੋਰ ਵਾਹਨ ਵਿਭਾਗ ਕੋਲ ਆ ਰਹੇ ਹਨ, ਜੋ ਪੰਜਾਬ ਦੀ ਸੁਰੱਖਿਆ ‘ਚ ਤਾਇਨਾਤ ਹੋਣਗੇ।