ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਜਲੰਧਰ ਜੀਟੀ ਰੋਡ ‘ਤੇ ਲਾਇਆ ਧਰਨਾ, ਪੁਲਿਸ ਨੇ ਟ੍ਰੈਫਿਕ ਕੀਤਾ ਡਾਈਵਰਟ

kisan/nawanpunjab.com

ਜਲੰਧਰ,21 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਦੇ ਚਲਦਿਆਂ ਕੱਲ੍ਹ ਤੋਂ ਜਲੰਧਰ ਨੇੜੇ ਜੀਟੀ ਰੋਡ ਅਤੇ ਰੇਲਵੇ ਟਰੈਕ ਬੰਦ ਕਰਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੁਲਿਸ ਪ੍ਰਸ਼ਾਸਨ ਨੇ ਜਲੰਧਰ ਵੱਲ ਆਉਣ ਵਾਲਾ ਸਾਰਾ ਟ੍ਰੈਫਿਕ ਡਾਈਵਰਟ ਕਰ ਦਿੱਤਾ ਹੈ।
ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਰਹੀਆਂ ਹਨ ਕਿ ਗੰਨੇ ਦਾ ਭਾਅ ਵਧਾ ਕੇ 400 ਕੀਤਾ ਜਾਵੇ। ਪਰ ਪੰਜਾਬ ਸਰਕਾਰ ਨੇ ਇਹ ਰੇਟ ਸਿਰਫ 15 ਰੁਪਏ ਵਧਾ ਕੇ 325 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਦਕਿ ਹਰਿਆਣਾ ਵਿੱਚ ਇਹ ਰੇਟ 358 ਰੁਪਏ ਹੈ ਅਤੇ ਪਹਿਲਾਂ ਪੰਜਾਬ ਵਿੱਚ ਇਹ ਰੇਟ ਹਰਿਆਣਾ ਨਾਲੋਂ ਹਮੇਸ਼ਾ 20 ਰੁਪਏ ਵੱਧ ਸੀ, ਪਰ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ।

ਕਿਸਾਨ ਆਗੂਆਂ ਬਲਵਿੰਦਰ ਸਿੰਘ ਅਤੇ ਜੰਗ ਵੀਰ ਸਿੰਘ ਨੇ ਕਿਹਾ ਕਿ ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਕਿਸਾਨਾਂ ਦੀ ਮੰਗ ਅਨੁਸਾਰ 400 ਰੁਪਏ ਰੇਟ ਦੇਣਾ ਹੈ ਜਾਂ ਨਹੀਂ ਕਿਉਂਕਿ ਹੁਣ ਜਦੋਂ ਤੱਕ ਸਰਕਾਰ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਆਵਾਜਾਈ ਬਹਾਲ ਨਹੀਂ ਕਰਨਗੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਕਿਸਾਨਾਂ ਨੇ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅ੍ਰਮਿਤਾ ਸਿੰਘ (Amrita Singh Waring) ਨੂੰ ਰੋਕ ਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਸਵਾਲ ਜਵਾਬ ਕੀਤੇ। ਦੱਸ ਦਈਏ ਕਿ ਅਮ੍ਰਿਤਾ ਸਿੰਘ ਵੜਿੰਗ ਆਪਣੇ ਪਿੰਡ ਕੋਠੇ ਦਸ਼ਮੇਸ਼ ਨਗਰ ਵਿਖੇ ਪਰਿਵਾਰ ‘ਚ ਹੋਈ ਮੌਤ ਤੋਂ ਬਾਅਦ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੀ ਸੀ।
ਪਰ ਕਿਸਾਨਾਂ ਨੇ ਰਾਹ ਵਿਚ ਉਨ੍ਹਾਂ ਨੂੰ ਰੋਕ ਲਿਆ ਅਤੇ ਰੋਕ ਕੇ ਵਿਧਾਇਕ ਦੀ ਪਤਨੀ ਨੂੰ ਸਵਾਲ ਜਵਾਬ ਕੀਤੇ। ਜਿਸ ਤੋਂ ਬਾਅਦ ਅਮ੍ਰਿਤਾ ਸਿੰਘ ਵੀ ਆਪਣੀ ਗੱਡੀ ਚੋਂ ਉਤਰ ਕੇ ਬਾਹਰ ਆਈ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਗਲਬਾਤ ਕੀਤੀ। ਮਾਹੌਲ ਖ਼ਰਾਬ ਨਾ ਹੋਵੇ ਇਸ ਖਦਸ਼ੇ ਤੋਂ ਪੁਲਿਸ ਕਰਮੀਆਂ ਨੇ ਅਮ੍ਰਿਤਾ ਸਿੰਘ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਕਿਸਾਨਾਂ ਦੀ ਭੀੜ ਚੋਂ ਕੱਢਿਆ।

Leave a Reply

Your email address will not be published. Required fields are marked *