ਡਕਾਲਾ, 18 ਫਰਵਰੀ
ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰਨ ਕਰਕੇ ਖੇਤਰ ਵਿੱਚ ਸਰਕਾਰੀ ਤੇ ਨਿੱਜੀ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ| ਨਵੇਂ ਹੁਕਮਾਂ ਅਨੁਸਾਰ ਖੇਤਰ ਦੀ ਪੁਲੀਸ ਚੌਕੀ ਡਕਾਲਾ (ਥਾਣਾ ਪਸਿਆਣਾ) ਤੇ ਹਰਿਆਣਾ ਰਾਜ ਨਾਲ ਪੈਂਦੇ ਬਲਬੇੜ੍ਹਾ ਆਦਿ ਖੇਤਰ ਵਿੱਚ ਇੰਟਰਨੈੱਟ ਸੇਵਾਵਾਂ 24 ਫਰਵਰੀ ਤੱਕ ਬੰਦ ਰਹਿਣਗੀਆਂ| ਜਦੋਂ ਕਿ ਪਹਿਲਾਂ ਹੀ ਪਿਛਲੇ ਚਾਰ ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੈ| ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੰਟਰਨੈੱਟ ਬੰਦ ਹੋਣ ਕਾਰਨ ਇੱਕ ਸਾਲ ਦੀ ਮਿਹਨਤ ’ਤੇ ਪਾਣੀ ਫਿਰ ਰਿਹਾ ਹੈ| ਜ਼ਿਕਰਯੋਗ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਡੀ ਗਿਣਤੀ ਵਿਦਿਆਰਥੀ ਆਨਲਾਈਨ ਕੋਚਿੰਗ ਲੈ ਰਹੇ ਹਨ, ਪਰ ਹੁਣ ਇੰਟਰਨੈੱਟ ਬੰਦ ਹੋਣ ਕਾਰਨ ਉਨ੍ਹਾਂ ਦੀ ਕੋਚਿੰਗ ਵੀ ਰੁਕ ਗਈ ਹੈ। ਦੂਜੇ ਪਾਸੇ ਬੈਂਕਾਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ| ਕਾਰੋਬਾਰੀ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਇੰਟਰਨੈੱਟ ਬੰਦ ਹੋਣ ਨਾਲ ਵਪਾਰਕ ਅਦਾਰੇ ਲੀਹੋਂ ਲੱਥ ਰਹੇ ਹਨ| ਸ਼੍ਰੋਮਣੀ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਲਈ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਦੀ ਮੰਗ ਕੀਤੀ ਹੈ| ਇਲਾਕੇ ਦੇ ਲੋਕਾਂ ਦਾ ਸ਼ਿਕਵਾ ਹੈ ਕਿ ਕਿਸਾਨ ਅੰਦੋਲਣ ਦਾ ਕੇਂਦਰ ਬਿੰਦੂ ਸ਼ੰਭੂ ਤੇ ਖਨੌਰੀ ਬਾਰਡਰ ਹੈ, ਪ੍ਰੰਤੂ ਇੰਟਰਨੈੱਟ ਸੇਵਾਵਾਂ ਦੂਰ-ਦੂਰ ਤੱਕ ਬੰਦ ਕਰਨਾ ਸਹੀ ਨਹੀਂ ਹੈ| ਜ਼ਿਕਰਯੋਗ ਹੈ ਕਿ ਇਹ ਇਲਾਕਾ ਹਰਿਆਣਾ ਬਾਰਡਰ ਨਾਲ ਲੱਗਦਾ ਹੋਣ ਦੀ ਵਜ੍ਹਾ ਹਰਿਆਣੇ ਨੂੰ ਜਾਣ ਵਾਲੀਆਂ ਕਈ ਸੜਕਾਂ ’ਤੇ ਵੀ ਹਰਿਆਣਾ ਪੁਲੀਸ ਵੱਲੋਂ ਨਾਕੇ ਲਗਾਏ ਹੋਏ ਹਨ|