ਕਿਸਾਨਾਂ ਨੇ ਪਟਿਆਲਾ-ਪਿਹੋਵਾ ਮਾਰਗ ’ਤੇ ਪੱਕਾ ਮੋਰਚਾ ਲਾਇਆ

ਦੇਵੀਗੜ੍ਹ, 18 ਫਰਵਰੀ

ਦਿੱਲੀ ਚੱਲੋ ਦੇ ਮੱਦੇਨਜ਼ਰ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਬਾਅਦ ਅੱਜ ਕਿਸਾਨਾਂ ਨੇ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਦੇ ਮਾਰਕੰਡਾ ਪੁਲ ’ਤੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਪੱਕਾ ਮੋਰਚਾ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਮਾਰਕੰਡਾ ਪੁਲ ’ਤੇ ਹਰਿਆਣਾ ਪੁਲੀਸ ਨੇ ਪਹਿਲਾਂ ਹੀ ਬਹੁ-ਪਰਤੀ ਰੋਕਾਂ ਲਾਈਆਂ ਹੋਈਆਂ ਹਨ ਤਾਂ ਜੋ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

ਇੱਥੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਗੁਰਦੀਪ ਸਿੰਘ ਦੇਵੀਨਗਰ ਅਤੇ ਕੁਝ ਹੋਰ ਨੌਜਵਾਨਾਂ ਨੇ ਕਿਹਾ ਹੈ ਕਿ ਦਿੱਲੀ ਚੱਲੋ ਦੇ ਮੱਦੇਨਜ਼ਰ ਇੱਥੇ ਕਈ ਦਿਨ ਬੀਤਣ ਤੋਂ ਬਾਅਦ ਵੀ ਮੋਰਚਾ ਨਹੀਂ ਲਗਾਇਆ ਗਿਆ ਸੀ ਪਰ ਅੱਜ ਇਲਾਕੇ ਅਤੇ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਇੱਥੇ ਪੱਕਾ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵੀ ਇਥੇ ਕਿਸਾਨਾਂ ਵੱਲੋਂ ਬੈਰੀਕੇਡ ਤੋੜਿਆ ਗਿਆ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਮੋਰਚਾ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਚੱਲ ਰਹੀ ਹੈ। ਇਹ ਚੌਥੀ ਅਤੇ ਆਖਰੀ ਗੱਲਬਾਤ ਹੈ। ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ ਇਸ ਪੁਲ ’ਤੇ ਲੱਗੇ ਬੈਰੀਕੇਡ ਨੂੰ ਕਿਸਾਨ ਤੋੜ ਕੇ ਦਿੱਲੀ ਵੱਲ ਕੂਚ ਕਰਨਗੇ।

ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਰੋਕਾਂ ਤੋੜਨ ਲਈ ਕਿਸਾਨ ਇਕਜੁੱਟ ਹਨ ਤੇ ਕਿਸਾਨ ਇਸ ਰਾਜ ਮਾਰਗ ਦੇ ਪੁਲ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਹਰਿਆਣਾ ਪੁਲੀਸ ਦੀ ਕਾਰਵਾਈ ਦਾ ਵੀ ਵਿਰੋਧ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *