ਜਲੰਧਰ, 20 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਤਾਰ ਬਰਗਾੜੀ ਕਾਂਡ ਨਾਲ ਵੀ ਜੁੜਨ ਦੇ ਆਸਾਰ ਹਨ। ਬਰਗਾੜੀ ਕਾਂਡ ਦਾ ਮਾਮਲਾ ਪੰਜਾਬ ਦੀ ਸਿਆਸਤ ’ਚ ਕਾਫੀ ਗਰਮਾਇਆ ਹੋਇਆ ਹੈ। ਜਾਂਚ ਏਜੰਸੀਆਂ ਵਲੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਉਨ੍ਹਾਂ ਤੋਂ ਜਾਇਦਾਦ ਦੇ ਕੇਸ ਨੂੰ ਲੈ ਕੇ ਪੁੱਛਗਿੱਛ ਅੱਗੇ ਵਧਾਈ ਜਾਵੇਗੀ। ਉੱਥੇ ਹੀ ਸੈਣੀ ਦੇ ਹੱਥ ਲੱਗਦੇ ਹੀ ਹੁਣ ਜਾਂਚ ਏਜੰਸੀਅੰ ਦੇ ਅਧਿਕਾਰੀ ਬਰਗਾੜੀ ਕਾਂਡ ਨੂੰ ਲੈ ਕੇ ਸੁਮੇਧ ਸੈਣੀ ਨਾਲ ਪੁੱਛਗਿੱਛ ਕਰਨ ਦਾ ਏਜੰਡਾ ਵੀ ਬਣਾ ਰਹੇ ਹਨ। ਬਰਗਾੜੀ ’ਚ ਜਦੋਂ ਪੁਲਸ ਵਲੋਂ ਗੋਲੀ ਚਲਾਈ ਗਈ ਸੀ ਤਾਂ ਉਸ ਸਮੇਂ ਪੰਜਾਬ ਦੇ ਡੀ. ਜੀ. ਪੀ. ਦੀ ਕਮਾਨ ਸੁਮੇਧ ਸੈਣੀ ਦੇ ਹੱਥਾਂ ’ਚ ਸੀ। ਸਾਬਕਾ ਸਰਕਾਰ ਦੇ ਕਾਰਜਕਾਲ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਨਾਲ ਹੀ ਬਰਗਾੜੀ ਕਾਂਡ ਹੋ ਗਿਆ ਸੀ। ਪੰਜਾਬ ਦੀ ਸਿਆਸਤ ’ਚ ਬਰਗਾੜੀ ਦਾ ਮਾਮਲਾ ਅੱਜ ਵੀ ਜਿੱਥੇ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉੱਥੇ ਹੀ ਬਰਗਾੜੀ ਕਾਂਡ ਦਾ ਅਸਰ ਕਾਂਗਰਸ ਦੀ ਅੰਦਰੂਨੀ ਸਿਆਸਤ ’ਤੇ ਵੀ ਪੈ ਰਿਹਾ ਹੈ।
ਕਾਂਗਰਸ ਦੀ ਸਿਆਸਤ ’ਚ ਵੀ ਉਬਾਲ ਆਇਆ ਹੋਇਆ ਸੀ। ਸੁਮੇਧ ਸੈਣੀ ਦੀ ਗ੍ਰਿਫਤਾਰੀ ਪੰਜਾਬ ਦੀ ਸਿਆਸਤ ’ਚ ਇਕ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ ਅਤੇ ਹੁਣ ਬਰਗਾੜੀ ਕਾਂਡ ਨੂੰ ਲੈ ਕੇ ਸੈਣੀ ਤੋਂ ਹੋਣ ਵਾਲੀ ਪੁੱਛਗਿੱਛ ਦਾ ਵੀ ਅਸਰ ਕਾਂਗਰਸ ਅਤੇ ਸੂਬੇ ਦੀ ਸਿਆਸਤ ਦੋਹਾਂ ’ਤੇ ਪੈਣ ਦੇ ਆਸਾਰ ਹਨ, ਇਸ ਲਈ ਕਾਂਗਰਸ ਦੇ ਅੰਦਰੂਨੀ ਨੇਤਾ ਵੀ ਇਸ ਮਾਮਲੇ ’ਤੇ ਤਿੱਖੀ ਨਜ਼ਰ ਰੱਖੇ ਹੋਏ ਹਨ ਅਤੇ ਉੱਥੇ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਇਸ ’ਤੇ ਤਿੱਖੀ ਨਜ਼ਰ ਰੱਖ ਕੇ ਚੱਲ ਰਹੀ ਹੈ। ਸੈਣੀ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਰਹੇਗਾ। ਬਰਗਾੜੀ ਕਾਂਡ ਇਕ ਅਜਿਹ ਮਾਮਲਾ ਹੈ ਜੋ ਮਾਲਵਾ ’ਚ ਵਿਸ਼ੇਸ਼ ਤੌਰ ’ਤੇ ਕਾਫੀ ਅਸਰ ਸਿਆਸਤ ’ਤੇ ਪਾਉਂਦਾ ਹੈ। ਬਰਗਾੜੀ ਦੇ ਸਮੇਂ ਗੋਲੀ ਚਲਾਉਣ ਦੇ ਆਦੇਸ਼ ਕਿਸ ਦੇ ਕਹਿਣ ’ਤੇ ਦਿੱਤੇ ਗਏ, ਇਸ ਨੂੰ ਲੈ ਕੇ ਸੈਣ ਤੋਂ ਪੁੱਛਗਿੱਛ ਏਜੰਸੀਆਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਟੀਮ ਵੀ ਸਰਗਰਮ ਹੋ ਗਈ ਹੈ।