ਨਵੀਂ ਦਿੱਲੀ, 7 ਫਰਵਰੀ
ਸੰਸਦ ਦਾ ਮੌਜੂਦਾ ਬਜਟ ਸੈਸ਼ਨ ਇੱਕ ਦਿਨ ਵਧਾ ਕੇ 10 ਫਰਵਰੀ ਤੱਕ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਇਹ ਐਲਾਨ ਕੀਤਾ। ਸਵੇਰੇ ਜਿਵੇਂ ਹੀ ਉਪਰਲੇ ਸਦਨ ਵਿਚ ਕਾਰਵਾਈ ਸ਼ੁਰੂ ਹੋਈ ਸ੍ਰੀ ਧਨਖੜ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਕੰਮਕਾਜ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਇਸ ਮੁੱਦੇ ‘ਤੇ ਚਰਚਾ ਕੀਤੀ ਗਈ, ਜਿਸ ਵਿਚ ਮੌਜੂਦ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਰਾਜ ਸਭਾ ਦੀ ਬੈਠਕ 10 ਫਰਵਰੀ ਤੱਕ ਵਧਾਉਣ ‘ਤੇ ਸਹਿਮਤੀ ਜਤਾਈ। 10 ਫਰਵਰੀ ਨੂੰ ਬੈਠਕ ਵਾਲੇ ਦਿਨ ਨਾ ਤਾਂ ਸਿਫ਼ਰ ਕਾਲ ਹੋਵੇਗਾ ਅਤੇ ਨਾ ਹੀ ਪ੍ਰਸ਼ਨ ਕਾਲ। ਜਿਵੇਂ ਹੀ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਖਤਮ ਹੋਇਆ ਸਪੀਕਰ ਬਿਰਲਾ ਨੇ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਪ੍ਰਸਤਾਵ ਦਿੱਤਾ ਹੈ ਕਿ ਜ਼ਰੂਰੀ ਸਰਕਾਰੀ ਕੰਮਕਾਜ ਨੂੰ ਨਿਬੇੜਨ ਲਈ 17ਵੀਂ ਲੋਕ ਸਭਾ ਦੇ 15ਵੇਂ ਸੈਸ਼ਨ ਨੂੰ 10 ਫਰਵਰੀ ਤੱਕ ਵਧਾ ਦਿੱਤਾ ਜਾਵੇ।