ਚੰਡੀਗੜ੍ਹ, 1 ਜਨਵਰੀ : ਇੱਕ ਪਾਸੇ ਜਿੱਥੇ ਪੂਰਾ ਭਾਰਤ ਸ਼੍ਰੀ ਅਯੁੱਧਿਆ ਨਗਰੀ ਵਿੱਚ ਬਣਾਏ ਜਾ ਰਹੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਅਤੇ 22 ਜਨਵਰੀ 2024 ਨੂੰ ਸ਼੍ਰੀ ਰਾਮ ਲਾਲਾ ਜੀ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਉਤਸ਼ਾਹਿਤ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਤੱਖ ਸਬੂਤ ਦਿੰਦਿਆਂ ਅਯੁੱਧਿਆ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਂ ‘ਤੇ ਰੱਖਣ ਦੀ ਇਤਿਹਾਸਕ ਘੋਸ਼ਣਾ ਕੀਤੀ ਹੈ, ਜਿਸ ਲਈ ਸਮੁੱਚਾ ਸਨਾਤਨੀ ਅਤੇ ਵਾਲਮੀਕਿ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਜਾਰੀ ਆਪਣੇ ਪ੍ਰੈਸ ਬਿਆਨ ਰਾਹੀਂ ਕੀਤਾ।
ਰਾਜੇਸ਼ ਬਾਘਾ ਨੇ ਕਿਹਾ ਕਿ ਅੱਜ ਤੱਕ ਦੀਆਂ ਕਾਂਗਰਸ ਸਰਕਾਰਾਂ ਤੇ ਆਮ ਆਦਮੀ ਪਾਰਟੀ ਨੇ ਵਾਲਮੀਕਿ ਸਮਾਜ ਨੂੰ ਸਿਰਫ਼ ਆਪਣੇ ਵੋਟ ਬੈਂਕ ਵਜੋਂ ਵਰਤਿਆ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਲਮੀਕਿ ਸਮਾਜ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਨੇ ਅਯੁੱਧਿਆ ਦੇ ਹਵਾਈ ਅੱਡੇ ਦਾ ਨਾਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਂ 'ਤੇ ਰੱਖ ਕੇ ਵਾਲਮੀਕਿ ਸਮਾਜ ਨੂੰ ਵੱਡਾ ਮਾਣ ਬਖਸ਼ਿਆ ਹੈ, ਜਿਸ ਲਈ ਵਾਲਮੀਕਿ ਸਮਾਜ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਦੱਬੇ-ਕੁਚਲੇ ਅਤੇ ਪਛੜੇ ਵਰਗ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਵਿਕਾਸ ਲਈ ਕਈ ਭਲਾਈ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਦਾ ਲਾਭ ਅੱਜ ਅਨੁਸੂਚਿਤ ਸਮਾਜ ਦੇ ਲੋਕ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ ਦਾ ਨਾਮ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਂ 'ਤੇ ਰੱਖ ਕੇ ਪੂਰੀ ਦੁਨੀਆ ਨੂੰ ਭਾਰਤੀ ਸੱਭਿਆਚਾਰ ਤੋਂ ਜਾਣੂ ਕਰਵਾਇਆ ਹੈ।
ਰਾਜੇਸ਼ ਬਾਘਾ ਨੇ ਕਿਹਾ ਕਿ ਨਵੇਂ ਸਾਲ ਦੀ 22 ਜਨਵਰੀ 2024 ਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿੱਚ ਜਿੱਥੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਵਿੱਚ ਸ਼੍ਰੀ ਰਾਮ ਲਾਲਾ ਦੀ ਪ੍ਰਾਨ-ਪ੍ਰਤਿਸ਼ਠਾ ਕੀਤੀ ਜਾਏਗੀ, ਉੱਥੇ ਹਰ ਪਾਸੇ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਹੈ। ਸਮੂਹ ਸਨਾਤਨੀਆਂ ਨੂੰ ਇਸ ਇਤਿਹਾਸਕ ਦਿਹਾੜੇ ਨੂੰ ਦੇਖਣ ਨੂੰ 500 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਯੁੱਧਿਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਭਗਵਾਨ ਮਹਾਂਰਿਸ਼ੀ ਵਾਲਮੀਕੀ ਜੀ ਦੇ ਨਾਂ 'ਤੇ ਰੱਖਣ ਦੇ ਐਲਾਨ ਨੇ ਇਸ ਮੌਕੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਨਰਿੰਦਰ ਮੋਦੀ ਜੀ ਵੱਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਪ੍ਰਤੀ ਦਿੱਤਾ ਗਿਆ ਇਸ ਤਰ੍ਹਾਂ ਦਾ ਸਤਿਕਾਰ, ਉਨ੍ਹਾਂ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।