ਚੰਡੀਗੜ੍ਹ ਵਿਚ ਪੰਜਾਬੀ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਦੁਆਉਣ ਲਈ ਰਾਜਪਾਲ ਨੂੰ ਲਿਖਿਆ ਪੱਤਰ

site logo

ਚੰਡੀਗੜ੍ਹ, 29 ਦਸੰਬਰ-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਕੇਂਦਰੀ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬੀ ਮਾਂ ਬੋਲੀ ਦੀ ਪੈਰਵਾਈ ਕਰਦਿਆਂ ਇੱਕ ਪੱਤਰ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਲਿਖਿਆ ਹੈ। ਇਸ ਪੱਤਰ ਵਿਚ ਸਰਦਾਰ ਲਾਲਪੁਰਾ ਨੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਵਿਚ ਬਤੌਰ ਇੱਕ ਦਫ਼ਤਰੀ ਭਾਸ਼ਾ ਵਜੋਂ ਲਾਗੂ ਕਰਨ ਦੀ ਤਾਕੀਦ ਕੀਤੀ ਹੈ। ਸਰਦਾਰ ਲਾਲਪੁਰਾ ਨੇ ਪੱਤਰ ਵਿਚ ਲਿਖਿਆ ਹੈ ਕਿ 15 ਦਸੰਬਰ ਨੂੰ ਚੰਡੀਗੜ੍ਹ ਦੇ ਦੌਰੇ ਦੌਰਾਨ ਸੈਕਟਰ 19 ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਹੈੱਡ ਗ੍ਰੰਥੀ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਪੰਜਾਬੀ ਮਾਂ ਬੋਲੀ ਨੂੰ ਬਤੌਰ ਦਫ਼ਤਰੀ ਭਾਸ਼ਾ ਲਾਗੂ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਸੀ। ਜਿਸ ਮੁਤਾਬਿਕ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਨੂੰ ਉਸ ਸਮੇਂ ਦੀ ਖਰੜ ਤਹਿਸੀਲ ਦੇ 28 ਪਿੰਡਾਂ ਨੂੰ ਐਕੂਆਇਰ ਕਰਕੇ ਹੋਂਦ ਵਿਚ ਲਿਆਉਂਦਾ ਗਿਆ ਸੀ ਅਤੇ ਇਨ੍ਹਾਂ 28 ਪਿੰਡਾਂ ਵਿਚ ਪੰਜਾਬੀ ਹੀ ਬੋਲੀ ਜਾਂਦੀ ਸੀ। ਚੇਅਰਮੈਨ ਲਾਲਪੁਰਾ ਨੇ ਚਿੱਠੀ ਵਿਚ ਤਰਕ ਦਿੱਤਾ ਕਿ ਚੰਡੀਗੜ੍ਹ ਵਿਚ ਮੌਜੂਦਾ ਸਮੇਂ ਵਿਚ ਅੰਗ੍ਰੇ਼ਜ਼ੀ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਜਦੋਂ ਕਿ ਚੰਡੀਗੜ੍ਹ ਦੇ ਬਹੁਗਿਣਤੀ ਵਸਨੀਕ, ਕਾਰੋਬਾਰੀ ਪੰਜਾਬੀ ਬੋਲਦੇ ਹਨ ਅਤੇ ਇਹ ਸ਼ਹਿਰ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਕਾਫੀ ਮੁੱਖ ਦਫ਼ਤਰ ਵੀ ਇੱਥੋਂ ਹੀ ਚੱਲਦੇ ਹਨ ਸੋ ਇਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਵਿਚ ਬਤੌਰ ਦਫ਼ਤਰੀ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮਾਣਯੋਗ ਰਾਜਪਾਲ ਨੂੰ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਪੰਜਾਬੀ ਬੋਲੀ ਨੂੰ ਦਫ਼ਤਰੀ ਭਾਸ਼ਾ ਵਜੋਂ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਦੀ ਤਾਕੀਦ ਕੀਤੀ।

Leave a Reply

Your email address will not be published. Required fields are marked *