ਅੰਮ੍ਰਿਤਸਰ- ਪੰਜਾਬ ਪੁਲਸ ਦੇ ਏ.ਐੱਸ.ਆਈ. ਦਿਲਬਾਗ ਸਿੰਘ ਦੀ ਬਲੈਰੋ ਗੱਡੀ ਹੇਠਾਂ ਆਈ.ਈ.ਡੀ. ਬੰਬ ਇੰਪਲਾਂਟ ਕਰਨ ਦੇ ਮਾਮਲੇ ਵਿੱਚ ਫੜ੍ਹੇ ਮੁਲਜ਼ਮਾਂ ਫਤਿਹਦੀਪ ਸਿੰਘ ਅਤੇ ਹਰਪਾਲ ਸਿੰਘ ਨੂੰ ਪੁਲਸ ਨੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 8 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮਾਂ ਨੂੰ ਪੁਲਸ ਰਿਮਾਂਡ ’ਤੇ ਭੇਜਣ ’ਤੇ ਕਈ ਵੱਡੇ ਖੁਲਾਸੇ ਹੋ ਸਕਦੇ ਹਨ, ਇਹ ਬਿਲਕੁਲ ਤੈਅ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਉਕਤ ਦੋਵੇਂ ਮੁਲਜ਼ਮਾਂ ਸੋਮਵਾਰ ਦੀ ਰਾਤ ਨੂੰ ਐੱਸ.ਆਈ. ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਇੰਪਲਾਂਟ ਕਰਕੇ ਫ਼ਰਾਰ ਹੋ ਗਏ ਸਨ। ਪੁਲਸ ਦੇ ਸਪੈਸ਼ਲ ਸੈਲ ਨੇ ਬੁੱਧਵਾਰ ਦੁਪਹਿਰ ਨੂੰ ਦਿੱਲੀ ਏਅਰਪੋਰਟ ਤੋਂ ਦੋਵਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਕੈਨੇਡਾ ਭੱਜਣ ਦੀ ਫਿਰਾਕ ਵਿਚ ਸਨ। ਪੁਲਸ ਨੂੰ ਜਾਣਕਾਰੀ ਮਿਲੀ ਕਿ ਐੱਸ.ਆਈ.ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਨੇ ਰਚੀ ਸੀ। ਇਸ ਸਾਰੀ ਘਟਨਾ ਦੇ ਤਾਰ ਹੁਣ ਪਾਕਿਸਤਾਨ ਅਤੇ ਕੈਨੇਡਾ ਬੈਠੇ ਅੱਤਵਾਦੀ ਰਿੰਦਾ ਅਤੇ ਲੰਡਾ ਨਾਲ ਜੁੜਨ ਲੱਗੇ ਹਨ।