ਚੰਡੀਗੜ੍ਹ, 18 ਅਗਸਤ (ਦਲਜੀਤ ਸਿੰਘ)- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਉਣ ਵਾਲੇ ਮੁਸਾਫ਼ਰਾਂ ਨੂੰ ਕੋਵਿਡ-19 ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਜਾਂ ਕੋਵਿਸ਼ੀਲਡ ਜਾਂ ਕੋ-ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਹੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁਸਾਫ਼ਰ ਨੂੰ ਉਤਰਨ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਏਅਰਪੋਰਟ ਅਥਾਰਟੀ ਨੂੰ ਇਹ ਹੁਕਮ ਦਿੱਤਾ ਹੈ।
ਇਸ ਤੋਂ ਬਾਅਦ ਇਹ ਜਾਣਕਾਰੀ ਏਅਰਪੋਰਟ ਅਥਾਰਟੀ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਆਪਰੇਟ ਹੋਣ ਵਾਲੀਆਂ ਸਾਰੀਆਂ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜ਼ਰਾਂ ਨੂੰ ਦੇ ਦਿੱਤੀ ਹੈ। ਇਹੀ ਨਹੀਂ, ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੇ ਮੁਸਾਫ਼ਰਾਂ ਦੀ ਵੀ 72 ਘੰਟੇ ਪਹਿਲਾਂ ਆਰ. ਟੀ. ਪੀ. ਸੀ. ਆਰ. ਰਿਪੋਰਟ ਜਾਂ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਹੀ ਮੁਸਾਫ਼ਰ ਸਫ਼ਰ ਕਰ ਸਕਦਾ ਹੈ। ਉੱਥੇ ਹੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ‘
ਦਿੱਲੀ, ਮੁੰਬਈ ਅਤੇ ਕੋਲਕਾਤਾ ਜਾਣ ਵਾਲੇ ਨੂੰ ਵੀ ਦੇਣੀ ਪਵੇਗੀ ਨੈਗੇਟਿਵ ਰਿਪੋਰਟ
ਪੰਜਾਬ ਵਾਂਗ ਹੀ ਦੂਜੇ ਸੂਬਿਆਂ ਨੇ ਵੀ ਏਅਰਪੋਰਟ ਅਥਾਰਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਬਿਨਾਂ ਆਰ. ਟੀ. ਪੀ. ਸੀ. ਆਰ. ਰਿਪੋਰਟ ਦੇ ਕੋਈ ਵੀ ਮੁਸਾਫ਼ਰ ਸਫ਼ਰ ਨਹੀਂ ਕਰ ਸਕਦਾ ਹੈ। ਇਸ ਤਹਿਤ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ, ਮੁੰਬਈ, ਕੋਲਕਾਤਾ, ਪੁਣੇ ਅਤੇ ਚੇੱਨਈ ਜਾਣ ਵਾਲੇ ਮੁਸਾਫ਼ਰ ਨੂੰ ਵੀ ਆਪਣਾ ਰਿਪੋਰਟ ਸਰਟੀਫਿਕੇਟ ਲੈ ਕੇ ਜਾਣਾ ਪਵੇਗਾ।
ਏਅਰਲਾਈਨਜ਼ ਦਾ ਸਟਾਫ਼ ਚੈੱਕ ਕਰੇਗਾ ਸਰਟੀਫਿਕੇਟ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਹਵਾਈ ਅੱਡੇ ਤੋਂ ਆਪਰੇਟ ਹੋਣ ਵਾਲੀਆਂ ਏਅਰਲਾਈਨਜ਼ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੂਜੇ ਸੂਬਿਆਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਸਰਟੀਫਿਕੇਟ ਚੈੱਕ ਕਰਨ ਦੀ ਜ਼ਿੰਮੇਵਾਰੀ ਏਅਰਲਾਈਨਜ਼ ਦੇ ਸਟਾਫ਼ ਨੂੰ ਦਿੱਤੀ ਗਈ ਹੈ। ਜਿਹੜੇ ਮੁਸਾਫ਼ਰ ਕੋਲ ਦੋਵਾਂ ਵਿਚੋਂ ਇਕ ਵੀ ਸਰਟੀਫਿਕੇਟ ਨਹੀਂ ਹੋਵੇਗਾ, ਉਸ ਨੂੰ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ।