ਨਵੀਂ ਦਿੱਲੀ, 26 ਅਪ੍ਰੈਲ (ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਲੀ ’ਚ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਸਮਝੌਤੇ ’ਤੇ ਦਸਤਖ਼ਤ ਕੀਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਵੀ ਦਿੱਲੀ ਮਾਡਲ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਵਾਂ ਦੀ ਪੂਰੇ ਦੇਸ਼ ’ਚ ਚਰਚਾ ਹੋ ਰਹੀ ਹੈ। ਇਨ੍ਹਾਂ ਸਹੂਲਤਾਵਾਂ ਨੂੰ ਲੈ ਕੇ ਹੀ ਅੱਜ ਇਹ ਸਮਝੌਤਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਤੋਂ ਸਿੱਖ ਕੇ ਪੰਜਾਬ ’ਚ ਵੀ ਚੰਗੇ ਕੰਮ ਕੀਤੇ ਜਾਣਗੇ ਅਤੇ ਪੰਜਾਬ ’ਚ ਹੋਏ ਕੰਮਾਂ ਤੋਂ ਦਿੱਲੀ ਵੀ ਸੇਧ ਲਵੇਗੀ। ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਬਹੁਤ ਸਾਰੇ ਚੰਗੇ ਕੰਮ ਕੀਤੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਦੀ ਤਾਰੀਫ਼ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 19 ਹਜ਼ਾਰ ਤੋਂ ਵਧੇਰੇ ਸਕੂਲ ਹਨ। ਪੰਜਾਬ ਦੇ ਹਸਪਤਾਲਾਂ ’ਚ ਡਾਕਟਰ ਅਤੇ ਸਕੂਲਾਂ ’ਚ ਅਧਿਆਪਕ ਤਾਂ ਹਨ ਪਰ ਇੰਫ੍ਰਾਸਟਕਚਰ ਦੀ ਘਾਟ ਬਹੁਤ ਹੈ। ਇਸੇ ਲਈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਈ ਕੰਮ ਕੀਤਾ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਸਹੂਲਤਾਵਾਂ ਦਿੱਲੀ ’ਚ ਹਨ, ਉਹ ਕੈਨੇਡਾ, ਅਮਰੀਕਾ ’ਚ ਵੀ ਸਹੂਲਤਾਵਾਂ ਨਹੀਂ ਹਨ। ਸਕੂਲਾਂ ਦੇ ਬਾਹਰ ਸਮਾਰਟ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣਦੇ। ਅੱਜ ਜੋ ਸਮਝੌਤਾ ਕੀਤਾ ਗਿਆ ਹੈ, ਇਸ ਨੂੰ ਲੈ ਕੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਵਾਂ ਦੇ ਨਾਲ-ਨਾਲ ਖੇਤੀ ’ਤੇ ਵੀ ਅਸੀਂ ਕੰਮ ਕਰਾਂਗੇ। ਪੰਜਾਬ ’ਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਹੈ। ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਪੰਜਾਬ ਨੂੰ ਪਹਿਲਾਂ ਐੱਨ.ਡੀ.ਏ ਲਈ ਜਾਣਿਆ ਜਾਂਦਾ ਸੀ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੋਫੋਰਨੀਆ, ਲੰਡਨ ਨਹੀਂ। ਇਤਿਹਾਸ ’ਚ ਸਾਡਾ ਵੀ ਨਾਮ ਆਵੇਗਾ।