ਗੰਨੇ ਦੀ ਫ਼ਸਲ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਨੇ ਕੀਤਾ ਇਹ ਵੱਡਾ ਐਲਾਨ

kisan/nawanpuanjb.com

ਜਲੰਧਰ, 17 ਅਗਸਤ (ਦਲਜੀਤ ਸਿੰਘ)- ਦੋਆਬਾ ਦੇ ਗੰਨਾ ਕਾਸ਼ਤਕਾਰ ਕਿਸਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਖ਼ਿਲਾਫ਼ 20 ਅਗਸਤ ਨੂੰ ਜਲੰਧਰ ਵਿੱਚ ਵਿਸ਼ਾਲ ਧਰਨਾ ਦੇਣ ਜਾ ਰਹੇ ਹਨ, ਜਿਸ ਦੀ ਹਮਾਇਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਕਰਨਗੀਆਂ। ਸਰਕਾਰ ਖ਼ਿਲਾਫ਼ ਧਰਨੇ ਦਾ ਮਤਾ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਿਆਂਦਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਗੰਨੇ ਦੇ ਪਿਛਲੇ ਸੀਜ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਅਸੀਂ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਕੈਪਟਨ ਨੇ ਭਰੋਸਾ ਦਿੱਤਾ ਸੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਗੰਨੇ ਦੇ ਭਾਅ ’ਚ ਵਾਧਾ ਕੀਤਾ ਜਾਵੇਗਾ ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਅਗਲਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਪੰਜਾਬ ਵਿੱਚ ਗੰਨੇ ਦਾ ਰੇਟ 310 ਰੁਪਏ ਹੈ, ਜਦਕਿ ਹਰਿਆਣਾ ਵਿੱਚ 358 ਰੁਪਏ ਪ੍ਰਤੀ ਕੁਇੰਟਲ ਹੈ। ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਗੰਨੇ ਦੀ ਫ਼ਸਲ ‘ਤੇ ਪ੍ਰਤੀ ਕੁਇੰਟਲ ਲਾਗਤ 385 ਰੁਪਏ ਆਉਂਦੀ ਹੈ।

ਇਸ ਲਈ ਗੰਨੇ ਦੀ ਪਿੜਾਈ ਦਾ ਸੀਜ਼ਨ 2021-22 ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਮੰਗ ਹੈ ਕਿ ਗੰਨੇ ਦੇ ਭਾਅ ‘ਚ ਵਾਧਾ ਕਰਕੇ 400₹ ਪ੍ਰਤੀ ਕੁਇੰਟਲ ਕੀਤਾ ਜਾਵੇ। ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸ਼ੂਗਰ ਮਿੱਲਾਂ ਵੱਲ 200 ਕਰੋੜ ਪਿਆ ਗੰਨੇ ਦਾ ਬਕਾਇਆ ਖੜ੍ਹਾ ਹੈ, ਇਸ ਨੂੰ ਜਲਦੀ ਕਿਸਾਨਾਂ ਨੂੰ ਅਦਾ ਕੀਤਾ ਜਾਵੇ। ਪੰਜਾਬ ਦੀਆਂ ਪ੍ਰਾਈਵੇਟ ਮਿੱਲਾਂ ਵੱਲ 145 ਕਰੋੜ ਰੁਪਏ ਜਦੋਂਕਿ ਸਹਿਕਾਰੀ ਮਿੱਲਾਂ ਵੱਲ 55 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਮਨਜੀਤ ਸਿੰਘ ਰਾਏ ਨੇ ਇਲਜ਼ਾਮ ਲਗਾਇਆ ਕਿ ਸਰਕਾਰਾਂ ਸਿਰਫ਼ ਖੰਡ ਮਿੱਲਾਂ ਦੇ ਮਾਲਕਾਂ ਨੂੰ ਹੀ ਸਬਸਿਡੀ ਦੇ ਰਹੀ ਹੈ ਪਰ ਸ਼ੂਗਰ ਮਿੱਲ ਦੇ ਮਾਲਕ ਕਿਸਾਨਾਂ ਨੂੰ ਬਕਾਇਆ ਰਾਸ਼ੀ ਅਦਾ ਨਹੀਂ ਕਰ ਰਹੇ। ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ 20 ਅਗਸਤ ਤੋਂ ਬਾਅਦ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ।

Leave a Reply

Your email address will not be published. Required fields are marked *