PM ਮੋਦੀ ਨੇ ਓਲੰਪਿਕ ਦਲ ਨਾਲ ਕੀਤੀ ਮੁਲਾਕਾਤ

moid/nawanpunjab.com

ਨਵੀਂ ਦਿੱਲੀ, 16 ਅਗਸਤ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਸੋਮਵਾਰ ਨੂੰ ਨਾਸ਼ਤੇ ’ਤੇ ਆਪਣੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਓਲੰਪਿਕ ਵਿਚ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਦੇਸ਼ ਨੂੰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਅਤੇ ਵੇਟਲਿਟਿੰਗ ਵਿਚ ਦੇਸ਼ ਨੂੰ ਚਾਂਦੀ ਤਮਗਾ ਜਿਤਾਉਣ ਵਾਲੀ ਮੀਰਾਬਾਈ ਚਾਨੂ ਸਮੇਤ ਓਲੰਪਿਕ ਦਲ ਦੇ ਖਿਡਾਰੀ ਅੱਜ ਸਵੇਰੇ 7 ਰੇਸ ਕੋਰਸ ਰੋਡ ’ਤੇ ਸਥਿਤ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜੇ। ਪੀ.ਐੱਮ. ਮੋਦੀ ਨੇ ਇਨ੍ਹਾਂ ਖਿਡਾਰੀਆਂ ਨਾਲ ਅੱਜ ਨਾਸ਼ਤੇ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਨੀਰਜ ਚੋਪੜਾ ਨਾਲ ਚੂਰਮਾ ਅਤੇ ਪੀ.ਵੀ. ਸਿੰਧੂ ਨਾਲ ਆਈਸਕ੍ਰੀਮ ਖਾਧੀ।
ਮੋਦੀ ਨੇ ਓਲੰਪਿਕ ਖਿਡਾਰੀਆਂ ਨੂੰ ਐਤਵਾਰ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਮੁੱਖ ਆਯੋਜਨ ਵਿਚ ਲਾਲ ਕਿਲ੍ਹੇ ’ਤੇ ਵੀ ਸੱਦਿਆ ਸੀ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਦੇਸ਼ ਵਾਸੀਆਂ ਨੂੰ ਵੀ ਇਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕਰਨ ਨੂੰ ਕਿਹਾ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਦਾ ਹੌਂਸਲਾ ਵਧਾਉਂਦੇ ਰਹੇ ਸਨ। ਉਨ੍ਹਾਂ ਨੇ ਕਈ ਖਿਡਾਰੀਆਂ ਨਾਲ ਟੋਕੀਓ ਵਿਚ ਵੀ ਫੋਨ ’ਤੇ ਗੱਲ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਸੀ ਅਤੇ ਕਿਹਾ ਸੀ ਕਿ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ।

ਦੱਸਣਯੋਗ ਹੈ ਕਿ ਭਾਰਤੀ ਖਿਡਾਰੀਆਂ ਨੇ ਟੋਕੀਓ ਓਲੰਪਿਕਸ ਵਿਚ ਸੋਨੇ ਸਮੇਤ 7 ਤਗਮੇ ਜਿੱਤੇ, ਜੋ ਕਿ ਓਲੰਪਿਕ ਵਿਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੋਦੀ ਨੇ ਨਾਸ਼ਤੇ ਦੌਰਾਨ ਚੋਪੜਾ ਅਤੇ ਪੀਵੀ ਸਿੰਧੂ ਨਾਲ ਗੱਲਬਾਤ ਵੀ ਕੀਤੀ। ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਦੂਜੀ ਭਾਰਤੀ ਅਤੇ ਪਹਿਲੀ ਮਹਿਲਾ ਐਥਲੀਟ ਹੈ। ਉਹ ਰੀਓ ਓਲੰਪਿਕ 2016 ਵਿਚ ਜਿੱਤਿਆ ਚਾਂਦੀ ਦਾ ਤਮਗਾ ਵੀ ਆਪਣੇ ਨਾਲ ਲੈ ਕੇ ਆਈ ਸੀ। ਪ੍ਰਧਾਨ ਮੰਤਰੀ ਨੇ ਪੁਰਸ਼ ਹਾਕੀ ਟੀਮ ਨਾਲ ਵੀ ਗੱਲ ਕੀਤੀ, ਜਿਸਨੇ 41 ਸਾਲਾਂ ਬਾਅਦ ਭਾਰਤ ਨੂੰ ਓਲੰਪਿਕ ਵਿਚ ਹਾਕੀ ਮੈਡਲ ਜਿੱਤਿਆ ਹੈ। ਟੀਮ ਨੇ ਸਾਰੇ ਖਿਡਾਰੀਆਂ ਦੇ ਦਸਤਖ਼ਤ ਕੀਤੀ ਹਾਕੀ ਸਟਿਕ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੀ। ਪ੍ਰਧਾਨ ਮੰਤਰੀ ਨੇ ਕੈਪਟਨ ਮਨਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਓਲੰਪਿਕਸ ਤੋਂ ਦੋ ਤਮਗਿਆਂ ਨਾਲ ਵਾਪਸੀ ਕਰਨ ਵਾਲੀ ਕੁਸ਼ਤੀ ਟੀਮ ਨਾਲ ਵੀ ਗੱਲਬਾਤ ਕੀਤੀ। ਟੋਕੀਓ ਓਲੰਪਿਕ ਵਿਚ ਪਹਿਲਵਾਨ ਰਵੀ ਦਹੀਆ ਨੇ ਚਾਂਦੀ ਅਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਤਮਗਾ ਜਿੱਤਿਆ। ਅਨੁਸ਼ਾਸਨੀ ਕਾਰਨਾਂ ਕਰਕੇ ਮੁਅੱਤਲ ਕੀਤੇ ਗਏ ਪਹਿਲਵਾਨ ਵਿਨੇਸ਼ ਫੋਗਾਟ, ਸੀਮਾ ਬਿਸਲਾ, ਅੰਸ਼ੂ ਮਲਿਕ ਅਤੇ ਕੋਚ ਜਗਮੰਦਰ ਸਿੰਘ ਵੀ ਇਸ ਮੌਕੇ ਮੌਜੂਦ ਸਨ। ਵੇਟਲਿਫਟਰ ਮੀਰਾਬਾਈ ਚਾਨੂ ਨੇ ਪਹਿਲੇ ਹੀ ਦਿਨ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਓਲੰਪਿਕ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

Leave a Reply

Your email address will not be published. Required fields are marked *