ਕੁਆਲਾਲੰਪੁਰ 12 ਦਸੰਬਰ (ਨਵਾਂ ਪੰਜਾਬ ਬਿਊਰੋ ) ਵਿਸ਼ਵ ਜੂਨੀਅਰ ਹਾਕੀ ਕੱਪ ਦੇ ਮੈਚ ਭਾਰਤੀ ਟੀਮ ਨੇ ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਨੀਦਰਲੈਂਡਜ਼ ਵਰਗੀ ਤਕੜੀ ਟੀਮ ਨੂੰ 4-3 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਦਾਖਲ ਹੋ ਗਈ।
ਭਾਰਤੀ ਟੀਮ ਵੀਰਵਾਰ ਨੂੰ ਸੈਮੀਫਾਈਨਲ ‘ਚ ਜਰਮਨੀ ਨਾਲ ਭਿੜੇਗੀ। ਇਕ ਵਾਰ ਤਾਂ ਇਵੇਂ ਲਗਦਾ ਸੀ ਕਿ ਭਾਰਤੀ ਟੀਮ ਮੈਚ ਵਿੱਚ ਮੁੜ ਪਰਤਣਾ ਮੁਸ਼ਕਲ ਹੈ ਪਰ ਟੀਮ ਨੇ ਹੌਸਲੇ ਨਹੀਂ ਹਾਰੇ ਤੇ ਸ਼ਾਨਦਾਰ ਵਾਪਸੀ ਕੀਤੀ।
ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਅੱਧ ਵਿੱਚ ਚਾਰ ਗੋਲ ਕੀਤੇ। ਡੱਚ ਟੀਮ ਲਈ ਟਿਮੋ ਬੋਅਰਸ (ਪੰਜਵੇਂ ਮਿੰਟ), ਪੇਪਿਨ ਵੈਨ ਡੇਰ ਹੇਡਨ (16ਵੇਂ ਮਿੰਟ) ਅਤੇ ਓਲੀਵੀਅਰ ਹਾਰਟੈਂਸੀਅਸ (44ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਭਾਰਤ ਲਈ ਆਦਿਤਿਆ ਲਾਲਾਗੇ (34ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (36ਵੇਂ ਮਿੰਟ), ਆਨੰਦ ਕੁਸ਼ਵਾਹਾ (52ਵੇਂ ਮਿੰਟ) ਅਤੇ ਕਪਤਾਨ ਉੱਤਮ ਸਿੰਘ (57ਵੇਂ ਮਿੰਟ) ਗੋਲ ਕੀਤੇ।