ਚੰਡੀਗੜ੍ਹ, 4 ਦਸੰਬਰ-ਬਿਕਰਮ ਮਜੀਠੀਆ ਦੇ ਪਟਿਆਲਾ ਜੇਲ ਪਹੁੰਚਣ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਨੇਤਾ ਸਿਰਫ ਡਰਾਮਾ ਕਰਨ ਲਈ ਉਥੇ ਗਏ ਸਨ। ਉਨ੍ਹਾਂ ਦਾ ਉਦੇਸ਼ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ,ਸਗੋਂ ਝਗੜਾ ਕਰਨਾ ਸੀ।
ਇਨ੍ਹਾਂ ਦੋਸ਼ਾਂ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2 ਦਸੰਬਰ ਨੂੰ ਹੀ ਜੇਲ ਪ੍ਰਸ਼ਾਸਨ ਨੇ ਕਿਹਾ ਸੀ ਕਿ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਮਿਲਣ ਲਈ ਕੁਝ ਸਖਤ ਨਿਯਮ-ਕਾਨੂੰਨ ਸਨ, ਫਿਰ ਵੀ ਉਹ ਡਰਾਮਾ ਕਰਨ ਲਈ ਉਥੇ ਗਏ ਸਨ।
ਕੰਗ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਹਾਲਤ ਇੰਨੀ ਮਾੜੀ ਹੈ ਕਿ ਪਿਛਲੀ ਜ਼ਿਮਨੀ ਚੋਣ ਵਿਚ ਵੀ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਮੋਹਰਾ ਬਣਾ ਕੇ ਆਪਣੀ ਸਿਆਸਤ ਚਮਕਾਉਣ ਬਾਰੇ ਸੋਚਿਆ ਸੀ ਪਰ ਜਨਤਾ ਉਨ੍ਹਾਂ ਦੇ ਇਰਾਦੇ ਨੂੰ ਸਮਝ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਹ ਲੋਕ ਹਮੇਸ਼ਾ ਹੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ, ਇਸੇ ਲਈ ਅੱਜ ਇਹ ਲੋਕ ਰਾਜੋਆਣਾ ਨੂੰ ਜੇਲ੍ਹ ਤੋਂ ਬਾਹਰ ਮਿਲਣ ਦਾ ਡਰਾਮਾ ਕਰ ਰਹੇ ਹਨ। ਇਹ ਲੋਕ ਸਿਰਫ ਉਸਦਾ ਨਾਮ ਲੈ ਕੇ ਆਪਣੀ ਘਟੀਆ ਰਾਜਨੀਤੀ ਦਾ ਪ੍ਰਦਰਸ਼ਨ ਕਰ ਰਹੇ ਹਨ।
ਕੰਗ ਨੇ ਬਿਕਰਮ ਮਜੀਠੀਆ ‘ਤੇ ਸਵਾਲ ਕਰਦਿਆਂ ਕਿਹਾ ਕਿ ਮਜੀਠੀਆ ਦੱਸਣ ਕਿ ਉਹ 2007 ਤੋਂ 2017 ਤੱਕ ਪੰਜਾਬ ਸਰਕਾਰ ‘ਚ ਮੰਤਰੀ ਰਹੇ, ਉਨ੍ਹਾਂ ਨੇ ਬੰਦੀ ਸਿੰਘਾਂ ਨਾਲ ਕਿੰਨੀ ਵਾਰ ਮੁਲਾਕਾਤ ਕੀਤੀ? ਉਨ੍ਹਾਂ ਕਿਹਾ ਕਿ ਜਦੋਂ ਉਹ ਸਰਕਾਰ ਵਿੱਚ ਸਨ ਤਾਂ ਉਹ ਇੱਕ ਵਾਰ ਵੀ ਬੰਦੀ ਸਿੰਘਾਂ ਨੂੰ ਮਿਲਣ ਨਹੀਂ ਗਏ ਸਨ, ਹੁਣ ਉਨ੍ਹਾਂ ਨੂੰ ਅਚਾਨਕ ਉਨ੍ਹਾਂ ਦੀ ਯਾਦ ਕਿਵੇਂ ਆ ਗਈ।
ਉਨ੍ਹਾਂ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਦੀ ਸਿੰਘਾਂ, ਸਿੱਖਾਂ ਅਤੇ ਪੰਜਾਬ ਦੀ ਯਾਦ ਨਹੀਂ ਆਉਂਦੀ ਅਤੇ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਅਜਿਹੇ ਡਰਾਮੇ ਕਰਕੇ ਆਪਣੀ ਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਹਨ।