ਸਿੱਧੂ ਮੂਸੇਵਾਲਾ ਕਤਲ ਕਾਂਡ : ਗੈਂਗਸਟਰ ਦੀਪਕ ਟੀਨੂੰ ਦੀ ਭੱਜਣ ‘ਚ ਮਦਦ ਕਰਨ ਵਾਲੇ ਬਰਖ਼ਾਸਤ ਸਬ-ਇੰਸਪੈਕਟਰ ਨੂੰ ਰਾਹਤ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਦੀ ਪੁਲਿਸ ਹਿਰਾਸਤ ‘ਚੋਂ ਭੱਜਣ ‘ਚ ਕਥਿਤ ਤੌਰ ’ਤੇ ਮਦਦ ਕਰਨ ਵਾਲੇ ਬਰਖਾਸਤ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਟੀਨੂੰ ਲਾਰੈਂਸ ਬਿਸ਼ਨੋਈ ਦਾ ਕਥਿਤ ਸਹਿਯੋਗੀ ਹੈ ਜਿਸ ਨੇ ਕਤਲ ਲਈ ਸ਼ਾਰਪ ਸ਼ੂਟਰਾਂ ਨੂੰ ਤਿਆਰ ਕਰਨ ‘ਚ ਮਦਦ ਕੀਤੀ ਸੀ। ਇਲਜ਼ਾਮ ਸੀ ਕਿ ਸੀਆਈਏ ਦੀ ਹਿਰਾਸਤ ਦੌਰਾਨ ਦੀਪਕ ਤਤਕਾਲੀ ਸੀਆਈਏ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋ ਗਿਆ ਸੀ।

ਬਰਖ਼ਾਸਤ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਖ਼ਿਲਾਫ਼ ਅਕਤੂਬਰ 2022 ‘ਚ ਜ਼ਿਲ੍ਹਾ ਮਾਨਸਾ ‘ਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 222, 224, 225-ਏ, 212, 216, 120-ਬੀ ਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਹਿਰਾਸਤ ‘ਚ ਹਨ।

ਪ੍ਰੀਤਪਾਲ ਦੇ ਵਕੀਲ ਨੇ ਦੱਸਿਆ ਕਿ ਮੁਲਜ਼ਮ ਦੀਪਕ ਨੇ ਸੁਰੱਖਿਆ ਏਜੰਸੀਆਂ ਨੂੰ ਕਈ ਗੁਪਤ ਸੂਚਨਾਵਾਂ ਮੁਹੱਈਆ ਕਰਵਾਈਆਂ ਤੇ ਸੀਆਈਏ ਸਟਾਫ਼ ਮਾਨਸਾ ਤੋਂ ਫਰਾਰ ਹੋਣ ਵਾਲੇ ਦਿਨ ਉਸ ਨੇ ਜਾਂਚ ਏਜੰਸੀ ਨੂੰ ਲਾਲਚ ਦਿੱਤਾ ਕਿ ਉਹ ਗੈਂਗਸਟਰਾਂ ਵੱਲੋਂ ਵਰਤੇ ਜਾ ਰਹੇ ਭਾਰੀ ਮਾਤਰਾ ‘ਚ ਹਥਿਆਰ ਫੜ ਸਕਦਾ ਹੈ। ਸੀਆਈਏ ਦਾ ਪੂਰਾ ਸਟਾਫ਼ ਉਸਦੇ ਲਾਲਚ ਦਾ ਸ਼ਿਕਾਰ ਹੋ ਗਿਆ ਤੇ ਉਹ ਹਿਰਾਸਤ ‘ਚੋਂ ਫਰਾਰ ਹੋ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਦੀਪਕ ਨੂੰ ਹੁਣ ਮੁੜ ਦਿੱਲੀ ਤੋਂ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।

ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕੇਸ ਦੇ ਹੋਰ ਸਹਿ-ਮੁਲਜ਼ਮ ਸੁਨੀਲ ਕੁਮਾਰ ਲੋਹੀਆ, ਕੁਲਦੀਪ ਸਿੰਘ ਤੇ ਹੋਰਾਂ ਨੂੰ ਹਾਈ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।

ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਉਪਰੋਕਤ ਤੱਥਾਂ ਦੀ ਪੜਤਾਲ ਲਈ ਕੁਝ ਸਮਾਂ ਮੰਗਿਆ। ਸਰਕਾਰੀ ਵਕੀਲ ਨੂੰ ਸਮਾਂ ਦਿੰਦੇ ਹੋਏ ਹਾਈਕੋਰਟ ਨੇ ਹੇਠਲੀ ਅਦਾਲਤ/ਡਿਊਟੀ ਮੈਜਿਸਟ੍ਰੇਟ ਦੀ ਤਸੱਲੀ ਲਈ ਜ਼ਮਾਨਤ ਬਾਂਡ ਪੇਸ਼ ਕਰਨ ‘ਤੇ ਸੁਣਵਾਈ ਦੀ ਅਗਲੀ ਤਰੀਕ ਤੱਕ ਮੌਜੂਦਾ ਕੇਸ ਵਿੱਚ ਬਰਖਾਸਤ ਸਬ-ਇੰਸਪੈਕਟਰ ਪ੍ਰੀਤਪਾਲ ਨੂੰ ਅੰਤ੍ਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *