ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਗ੍ਰਾਂਟ ’ਚ 33 ਫ਼ੀਸਦੀ ਕਟੌਤੀ ਕਰ ਦਿੱਤੀ ਹੈ। ਹੁਣ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ ਤੀਹ ਕਰੋੜ ਰੁਪਏ ਦੀ ਥਾਂ 20 ਕਰੋੜ ਰੁਪਏ ਹੀ ਮਿਲਣਗੇ। ਇਸ ਸਬੰਧੀ ਸਰਕਾਰ ਵੱਲੋਂ ਨੇ ਯੂਨੀਵਰਸਿਟੀ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਨੂੰ ਬੀਤੇ ਮਹੀਨੇ 30 ਦੀ ਬਜਾਏ 20 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਗ੍ਰਾਂਟ ’ਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਹੋਰ ਵਿਗੜਣ ਦੇ ਆਸਾਰ ਹਨ। ਇਸ ਕਾਰਨ ਯੂਨੀਵਰਸਿਟੀ ਨੇ ਸਰਕਾਰ ਨੂੰ ਪੱਤਰ ਲਿਖ ਕੇ ਗ੍ਰਾਂਟ ’ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਓਧਰ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੀ ਯੂਨੀਵਰਸਿਟੀ ’ਚ ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਰਚ 2023 ’ਚ ਪੰਜਾਬੀ ਯੂਨੀਵਰਸਿਟੀ ’ਚ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ਨੂੰ ਤਿੰਨ ਮਹੀਨੇ ਲਈ 90 ਕਰੋੜ ਰੁਪਏ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਮਾਗਮ ’ਚ ਸੀਐੱਮ ਨੇ ਯੂਨੀਵਰਸਿਟੀ ਨੂੰ ਸਰਕਾਰ ਵੱਲੋਂ ਕਰਜ਼ ਮੁਕਤ ਕਰਨ ਦਾ ਐਲਾਨ ਵੀ ਕੀਤਾ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਛੇ ਮਹੀਨੇ ਲਈ ਕੁੱਲ 180 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਪਰ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਨੇ ਗ੍ਰਾਂਟ ’ਚ ਕਟੌਤੀ ਕਰ ਦਿੱਤੀ ਤੇ ਇਹ 20 ਕਰੋੜ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ। ਸੀਐੱਮ ਦੇ ਐਲਾਨ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਸਾਢੇ ਅਠਾਰਾਂ ਕਰੋੜ ਦੀ ਗ੍ਰਾਂਟ ਪ੍ਰਤੀ ਮਹੀਨਾ ਸਰਕਾਰ ਵੱਲੋਂ ਜਾਰੀ ਹੁੰਦੀ ਸੀ।