ਜਲੰਧਰ : ਵੀਰਵਾਰ ਰਾਤ ਟਾਵਰ ਇਨਕਲੇਵ ‘ਚ ਹੋਏ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਹਰਪ੍ਰੀਤ ਸਿੰਘ ਨੇ ਪੁੱਛਗਿੱਛ ਵਿਚ ਪੁਲਿਸ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਦੱਸਿਆ ਸੀ ਕਿ ਉਸਦਾ ਸਹੁਰਾ ਉਸ ਨਾਲ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦਾ ਹੈ। ਸਹੁਰਾ ਉਸ ਨਾਲ ਕਈ ਵਾਰ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਜਦ ਉਸਦੀ ਪਤਨੀ ਨੇ ਦੱਸਿਆ ਤਾਂ ਉਸਨੇ ਆਪਣੇ ਘਰ ਵਿਚ ਵਾਇਸ ਰਿਕਾਰਡਰ ਲਗਾ ਦਿੱਤਾ। ਉਸ ਵਿਚ ਸਭ ਕੁਝ ਸਾਹਮਣੇ ਆ ਗਿਆ, ਜਿਸ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ। ਇਸੇ ਕਾਰਨ ਉਸ ਨੇ ਵੀਰਵਾਰ ਸ਼ਾਮ ਆਪਣੇ ਪਿਤਾ, ਮਾਂ ਅਤੇ ਭਰਾ ਨੂੰ ਗੋਲੀਆ ਨਾਲ ਭੁੰਨ ਕੇ ਮਾਰ ਦਿੱਤਾ।
ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਿਸ ਉਸ ਦਾ ਡਾਕਟਰੀ ਮੁਆਇਨਾ ਕਰਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ, ਜਿੱਥੇ ਉਸ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ। ਮੌਕੇ ’ਤੇ ਮੌਜੂਦ ਪੱਤਰਕਾਰਾਂ ਸਾਹਮਣੇ ਉਹ ਬਾਰ-ਬਾਰ ਇਹੀ ਗੱਲ ਕਹਿ ਰਿਹਾ ਸੀ ਕਿ ਉਸ ਨੇ ਗੁੱਸੇ ’ਚ ਇਹ ਕੀ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।