ਖੰਨਾ, 12 ਅਗਸਤ (ਦਲਜੀਤ ਸਿੰਘ)- ਖੰਨਾ ਦੇ ਪਿੰਡ ਲਿਬੜਾ ਨੈਸ਼ਨਲ ਹਾਈਵੇਅ ’ਤੇ ਇਕ ਕੈਂਟਰ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਇਸ ਦੇ ਨਾਲ ਹੀ ਕੰਡਕਟਰ ਵੀ ਜ਼ਖ਼ਮੀ ਹੋ ਗਿਆ। ਕੈਂਟਰ ਲੁਧਿਆਣਾ ਤੋਂ ਸਾਮਾਨ ਲੈ ਕੇ ਅੰਬਾਲਾ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਦੇ ਰੂਪ ’ਚ ਹੋਈ ਹੈ, ਜੋਕਿ ਜੰਮੂ ਦਾ ਰਹਿਣ ਵਾਲਾ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਥੇ ਹੀ ਇਸ ਮਾਮਲੇ ਸਬੰਧੀ ਕੈਂਟਰ ਦੇ ਮਾਲਕ ਨੇ ਦੱਸਿਆ ਕਿ ਰਛਪਾਲ ਡਰਾਈਵਰ ਕੈਂਟਰ ’ਚ ਪਰਚੂਨ ਦਾ ਸਾਮਾਨ ਲੈ ਕੇ ਲੁਧਿਆਣਾ ਤੋਂ ਅੰਬਾਲਾ ਜਾ ਰਿਹਾ ਸੀ ਕਿ ਰਸਤੇ ’ਚ ਇਹ ਕਿਸੇ ਨੇ ਹਮਲਾ ਕਰਕੇ ਡਰਾਈਵਰ ਦਾ ਕਤਲ ਕਰ ਦਿੱਤਾ ਅਤੇ ਕੰਡਕਟਰ ਜ਼ਖ਼ਮੀ ਕਰ ਦਿੱਤਾ।
ਕੈਂਟਰ ਦੇ ਮਾਲਕ ਨੇ ਕਤਲ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਹੀ ਮੌਕੇ ’ਤੇ ਪਹੰੁਚੇ ਖੰਨਾ ਦੇ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨਵ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਵਾਪਰੀ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਦੇ ਰੂਪ ’ਚ ਹੋਈ ਹੈ। ਟਰਾਂਸਪੋਰਟ ਮਾਲਕ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।