ਜੰਮੂ- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਦੇ ਗਡੋਲ ਜੰਗਲ ’ਚ ਲੁਕੇ ਅੱਤਵਾਦੀਆਂ ਦੇ ਟਿਕਾਣੇ ਨੂੰ ਫੌਜ ਨੇ ਐਤਵਾਰ ਨੂੰ ਬੰਬਾਰੀ ਕਰ ਕੇ ਉਡਾ ਦਿੱਤਾ। ਹਾਲਾਂਕਿ, ਜਦੋਂ ਤੱਕ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋ ਜਾਂਦੀਆਂ, ਉਦੋਂ ਤੱਕ ਫੌਜ ਆਪ੍ਰੇਸ਼ਨ ਜਾਰੀ ਰੱਖੇਗੀ। ਡਰੋਨ ਅਤੇ ਹੈਲੀਕਾਪਟਰਾਂ ਰਾਹੀਂ ਅੱਤਵਾਦੀਆਂ ਦੇ ਸੰਭਾਵਿਤ ਟਿਕਾਣਿਆਂ ’ਤੇ ਫੌਜ ਨੇ ਇਕ ਤੋਂ ਬਾਅਦ ਇਕ ਕਈ ਬੰਬ ਵਰ੍ਹਾਏ। ਇਸ ਨਾਲ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਉੱਠਦੀਆਂ ਦਿਸੀਆਂ। ਉੱਥੇ ਹੀ, ਅੱਤਵਾਦੀਆਂ ਵੱਲੋਂ ਅਜੇ ਕੋਈ ਜਵਾਬੀ ਫਾਇਰ ਵੀ ਨਹੀਂ ਕੀਤਾ ਜਾ ਰਿਹਾ ਹੈ।
ਉੱਥੇ ਹੀ, ਕੋਕਰਨਾਗ ’ਚ ਰੋਡ ਓਪਨਿੰਗ ਪਾਰਟੀ ’ਚ ਤਾਇਨਾਤ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਅਚਾਨਕ ਚੱਲੀ ਗੋਲੀ ਨਾਲ ਜ਼ਖਮੀ ਹੋ ਗਿਆ। ਜ਼ਖਮੀ ਫੌਜੀ ਦੀ ਲੱਤ ’ਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਫੌਜੀ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫੌਜ ਦੀ ਉੱਤਰੀ ਕਮਾਨ ਦੇ ਮੁਖੀ ਲੈ. ਜਨਰਲ ਉਪਵੇਂਦਰ ਦਿਵੇਦੀ ਐਤਵਾਰ ਨੂੰ ਵੀ ਕੋਕਰਨਾਗ ’ਚ ਅੱਤਵਾਦੀਆਂ ਖਿਲਾਫ ਚੱਲ ਰਹੇ ਫੌਜੀ ਆਪ੍ਰੇਸ਼ਨ ਦੀ ਅਗਵਾਈ ਕਰਦੇ ਹੋਏ ਨਜ਼ਰ ਆਏ।