ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ


ਲੁਧਿਆਣਾ -ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇੱਥੇ ‘ਸਰਕਾਰ-ਸਨਅਤਕਾਰ’ ਮਿਲਣੀ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ‘ਚ ਪੰਜਾਬ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰੱਕਤ ਕੀਤੀ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਹਿਲੇ ਦਿਨ ਦੇ ਦੌਰੇ ਦੌਰਾਨ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਅਤੇ ਬੀਤੇ ਦਿਨ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਦਾ ਤਾਣਾ-ਬਾਣਾ ਪਿਛਲੇ ਸਾਲਾਂ ਦਾ ਉਲਝਿਆ ਹੋਇਆ ਹੈ, ਜਿਸ ਨੂੰ ਅਸੀਂ ਸੁਲਝਾ ਲਵਾਂਗੇ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਕਿਹਾ ਕਿ ਜੋ ਵੀ ਪਾਲਿਸੀ ਸਰਕਾਰ ਲੈ ਕੇ ਆਈ ਹੈ, ਉਸ ਨੂੰ ਕਾਰੋਬਾਰੀ ਇਸਤੇਮਾਲ ਕਰਕੇ ਦੇਖਣ ਅਤੇ ਜੇਕਰ ਕੋਈ ਦਿੱਕਤ-ਪਰੇਸ਼ਾਨੀ ਆਈ ਤਾਂ ਫਿਰ ਇਸ ਦਾ ਵੀ ਹੱਲ ਕੱਢ ਲਿਆ ਜਾਵੇਗਾ ਕਿਉਂਕਿ ਇਹ ਪਾਲਿਸੀਆਂ ਕੋਈ ਪੱਥਰ ‘ਤੇ ਲਕੀਰ ਨਹੀਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਫੋਕਲ ਪੁਆਇੰਟ ਅਤੇ ਇੰਡਸਟਰੀਅਲ ਸੈਕਟਰ ਦੀਆਂ ਸੜਕਾਂ ਇਕ ਵਾਰ ਅਜਿਹੀਆਂ ਬਣਾ ਦੇਵਾਂਗੇ ਕਿ 15 ਸਾਲ ਉਨ੍ਹਾਂ ਨੂੰ ਬਣਾਉਣ ਦੀ ਲੋੜ ਨਾ ਪਵੇ। ਸਿਰਫ ਲੁਧਿਆਣਾ ਨਹੀਂ ਸਗੋਂ ਸਾਰੇ ਫੋਕਲ ਪੁਆਇੰਟਾਂ ਦੀਆਂ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ ਅਤੇ ਇਸ ਦੇ ਲਈ ਕਾਰੋਬਾਰੀਆਂ ਦਾ ਸਹਿਯੋਗ ਚਾਹੀਦਾ ਹੈ। ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਇੰਡਸਟਰੀਅਲ ਏਰੀਆ ‘ਚ ਫੋਕਲ ਪੁਆਇੰਟਾਂ ‘ਚ 6 ਪੁਲਸ ਚੌਂਕੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੀ ਨੋਟੀਫਿਕੇਸ਼ਨ ਹਫ਼ਤੇ ਦੇ ਅੰਦਰ ਹੋ ਜਾਵੇਗੀ ਅਤੇ ਇਹ ਲੇਬਰ ਦੀ ਸੁਰੱਖਿਆ ਲਈ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅਣ-ਅਧਿਕਾਰਿਤ ਕਾਲੋਨੀਆਂ ‘ਚ ਬਿਜਲੀ ਦੇ ਮੀਟਰ ਨਹੀਂ ਲੱਗਦੇ ਪਰ ਸਾਡੀ ਸਰਕਾਰ ਇਨ੍ਹਾਂ ਕਾਲੋਨੀਆਂ ‘ਚ ਮੀਟਰ ਲਗਾਵੇਗੀ ਕਿਉਂਕਿ ਅਸੀਂ ਲੋਕਾਂ ਦੇ ਮੁੱਢਲੇ ਅਧਿਕਾਰ ਨਹੀਂ ਖੋਹ ਸਕਦੇ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਬੇਸਮੈਂਟ ਪੁੱਟਣ ਦੀ ਗੱਲ ਆਉਂਦੀ ਸੀ ਤਾਂ ਐੱਨ. ਜੀ. ਟੀ. ਇਸ ਨੂੰ ਮਾਈਨਿੰਗ ਦਾ ਨਾਂ ਦਿੰਦੀ ਸੀ ਅਤੇ ਪੈਸੇ ਦੇਣ ਦੇ ਨਾਲ-ਨਾਲ ਇਸ ਦੀ ਮਨਜ਼ੂਰੀ ਵੀ ਲੈਣੀ ਪੈਂਦੀ ਸੀ ਪਰ ਹੁਣ ਅਸੀਂ ਇਹ ਸਭ ਕੁੱਝ ਖ਼ਤਮ ਕਰਨ ਲੱਗੇ ਹਨ। ਹੁਣ ਜਦੋਂ ਕਿਸੇ ਨੇ ਕੋਈ ਬੇਸਮੈਂਟ ਪੁੱਟਣਾ ਹੈ ਤਾਂ ਉਹ ‘ਇਨਵੈਸਟ ਪੰਜਾਬ’ ਦੇ ਪੋਰਟਲ ‘ਤੇ ਅਪਲਾਈ ਕਰ ਦੇਵੇ ਤਾਂ 72 ਘੰਟਿਆਂ ਦੇ ਅੰਦਰ-ਅੰਦਰ ਮਨਜ਼ੂਰੀ ਮਿਲ ਜਾਵੇਗੀ ਅਤੇ ਜੇਕਰ ਕੋਈ ਜਵਾਬ ਨਾ ਆਇਆ ਤਾਂ ਇਹ ਮੰਨਿਆ ਜਾਵੇਗਾ ਕਿ ਤੁਹਾਨੂੰ ਮਨਜ਼ੂਰੀ ਮਿਲ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਢੇ 7 ਫ਼ੀਸਦੀ ਵੈਟ ਘਟਾਉਣ ਲੱਗੇ ਹਾਂ ਅਤੇ ਇਹ ਹੁਣ 5 ਫ਼ੀਸਦੀ ਹੋਵੇਗਾ ਪਰ ਕਾਰੋਬਾਰੀ ਈਮਾਨਦਾਰੀ ਨਾਲ ਟੈਕਸ ਭਰ ਦੇਣ।

Leave a Reply

Your email address will not be published. Required fields are marked *