ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਦਿਨਾ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਵੱਲੋਂ ਅੱਜ ਇੱਥੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਦਾ ਪਹਿਲਾ ‘ਸਕੂਲ ਆਫ ਐਮੀਨੈਂਸ’ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਇੰਡਸਟਰੀ ਅਤੇ ਵਪਾਰ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕਾਰੋਬਾਰੀਆਂ ਨੂੰ 882 ਯੂਨਿਟਾਂ ਮਿਲਦੀਆਂ ਸਨ ਪਰ ਹੁਣ ਜੇਕਰ ਸਾਡੀ ਸਰਕਾਰ ‘ਚ ਇਹ 2 ਹਜ਼ਾਰ ਨਾ ਹੋਈਆਂ ਤਾਂ ਸਰਕਾਰ ਬਣਨ ਦਾ ਕੋਈ ਫ਼ਾਇਦਾ ਨਹੀਂ ਹੈ। ਉੁਨ੍ਹਾਂ ਕਿਹਾ ਕਿ ਸਰਕਾਰ ਬਣਨ ਵੇਲੇ ਬਾਕੀ ਪਾਰਟੀਆਂ ਐਲਾਨ ਕਰਦੀਆਂ ਹਨ ਪਰ ਅਸੀਂ ਗਾਰੰਟੀ ਸ਼ੁਰੂ ਕੀਤੀ ਸੀ ਅਤੇ ਕਈ ਪਾਰਟੀਆਂ ਨੇ ਗਾਰੰਟੀ ਸ਼ਬਦ ਵੀ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਗਾਰੰਟੀ ਹੋਰ ਕੋਈ ਪਾਰਟੀ ਨਹੀਂ ਦੇ ਸਕਦੀ ਕਿਉਂਕਿ ਜੋ ਅਸੀਂ ਕਹਿੰਦੇ ਹਾਂ, ਉਹ ਕਰਦੇ ਹਾਂ। ਇੰਡਸਟਰੀ ਨੂੰ ਲੈ ਕੇ ਜੋ ਵੀ ਗਾਰੰਟੀ ਦਿੱਤੀ ਗਈ ਸੀ, ਉਨ੍ਹਾਂ ‘ਚੋਂ ਕਈ ਵਾਅਦੇ ਅਸੀਂ ਪੂਰੇ ਕੀਤੇ ਹਨ। ਹੁਣ ਤੱਕ ਜਦੋਂ ਵੀ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਸੀ ਤਾਂ ਇੱਕੋ ਗੱਲ ਕਹੀ ਜਾਂਦੀ ਸੀ ਕਿ ਬਾਹਰੋਂ ਕਿੰਨੀ ਇਨਵੈਸਟਮੈਂਟ ਆ ਰਹੀ ਹੈ ਪਰ ਜੇਕਰ ਸਾਡੀ ਹੀ ਇੰਡਸਟਰੀ ਨਹੀਂ ਬਚੇਗੀ ਤਾਂ ਬਾਹਰ ਦੀ ਇਨਵੈਸਟਮੈਂਟ ਦਾ ਕੀ ਫ਼ਾਇਦਾ।
ਇਹ ਵੀ ਪੜ੍ਹੋ : ਵਿਆਹੇ ਕਬੱਡੀ ਖਿਡਾਰੀ ਨਾਲ Girlfriend ਦੀ ਹਰਕਤ ਨੇ ਉਡਾ ਛੱਡੇ ਹੋਸ਼, ਹੈਰਾਨ ਕਰਦਾ ਹੈ ਪੂਰਾ ਮਾਮਲਾ
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਜਾ ਕੇ ਵਨ-ਟੂ-ਵਨ ਮੀਟਿੰਗਾਂ ਵਪਾਰੀਆਂ ਨਾਲ ਕੀਤੀਆਂ ਅਤੇ ਇਹੀ ਮੀਟਿੰਗਾਂ ਇਨਵੈਸਟਮੈਂਟ ‘ਚ ਬਦਲ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਬਹੁਤ ਵੱਡੇ-ਵੱਡੇ ਲੀਡਰ ਆਏ ਪਰ ਕਿਸੇ ਨੇ ਭਗਵੰਤ ਮਾਨ ਜਿਹਾ ਮੁੱਖ ਮੰਤਰੀ ਨਹੀਂ ਦੇਖਿਆ। ਜਿੱਥੇ ਪਹਿਲੇ ਮੁੱਖ ਮੰਤਰੀ ਸੂਬੇ ‘ਚ ਕਿਸੇ ਆਫ਼ਤ ਦੌਰਾਨ ਸਿਰਫ ਹਵਾਈ ਦੌਰਾ ਕਰਕੇ ਸਾਰ ਲੈਂਦੇ ਸਨ, ਉੱਥੇ ਹੀ ਭਗਵੰਤ ਮਾਨ ਹੜ੍ਹਾਂ ‘ਚ ਆਪਣੀ ਪੈਂਟ ਉੱਪਰ ਚੁੱਕੇ ਕੇ ਲੋਕਾਂ ਤੱਕ ਪੁੱਜੇ ਅਤੇ ਉਨ੍ਹਾਂ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਬਣੀ ਨੂੰ ਅਜੇ ਡੇਢ ਸਾਲ ਹੋਇਆ ਹੈ ਅਤੇ ਇਸ ਦੌਰਾਨ 50 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ 2 ਲੱਖ, 86 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ।
ਇਹ ਸਰਕਾਰ ਦੀ ਇਕ ਬਹੁਤ ਵੱਡੀ ਪ੍ਰਾਪਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਇਸੇ ਲਈ ਜ਼ਿਆਦਾ ਹੈ ਕਿਉਂਕਿ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਜੇਕਰ ਖ਼ੁਸ਼ ਹੋ ਗਿਆ ਤਾਂ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਵੇਗੀ। ਇਸ ਲਈ ਸਾਡਾ ਮਕਸਦ ਇੰਡਸਟਰੀ ਦਾ ਮਾਹੌਲ ਠੀਕ ਕਰਨ ਦਾ ਹੈ। ਪਿਛਲੇ ਸਾਲਾਂ ਦੌਰਾਨ ਮਾਹੌਲ ਅਜਿਹਾ ਰਿਹਾ ਕਿ ਸਾਰੀ ਇੰਡਸਟਰੀ ਪੰਜਾਬ ‘ਚੋਂ ਨਿਕਲ ਕੇ ਬਾਹਰ ਚਲੀ ਗਈ ਅਤੇ ਅਸੀਂ ਇਸ ਇੰਡਸਟਰੀ ਨੂੰ ਵਾਪਸ ਲੈ ਕੇ ਆਉਣਾ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ 3-4 ਮਹੀਨਿਆਂ ‘ਚ ਇੰਡਸਟਰੀ ਨਾਲ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਣ। ਇਸ ਤਰ੍ਹਾਂ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਸਿਆਸਤ ‘ਚ ਆਇਆਂ 10 ਸਾਲ ਹੀ ਹੋਏ ਹਨ ਪਰ ਇਸ ਦੌਰਾਨ ਦਿੱਲੀ ‘ਚ ਬਹੁਤ ਬਦਲਾਅ ਕੀਤੇ ਗਏ ਹਨ ਅਤੇ ਦਿੱਲੀ ਨੂੰ ਦੇਖ ਕੇ ਹੀ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟ ਪਾਈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ। ਟੂਰਿਜ਼ਮ ਦੇ ਖੇਤਰ ‘ਚ ਵੀ ਕਾਫੀ ਵਧੀਆ ਕੰਮ ਚੱਲ ਰਿਹਾ ਹੈ।