ਸੰਗਰੂਰ : Punjab Latest News: ਚਾਰ ਸਾਲ ਪਹਿਲਾਂ ਪੰਜਾਬ ਦੇ ਹਰ ਸੰਘਰਸ਼ ‘ਚ ਵਪਾਰੀ ਤੇ ਕਾਰੋਬਾਰੀ ਕਿਸਾਨਾਂ ਦਾ ਸਾਥ ਦਿੰਦੇ ਸਨ ਪਰ ਹੁਣ ਉਹ ਕਿਸਾਨਾਂ ਦੇ ਧਰਨੇ ਤੋਂ ਤੰਗ ਆ ਚੁੱਕੇ ਹਨ। ਕਿਸਾਨਾਂ ਨੂੰ ਨੈਤਿਕ ਤੇ ਆਰਥਿਕ ਸਹਾਇਤਾ ਦੇਣ ਵਾਲੇ ਕਾਰੋਬਾਰੀਆਂ ਨੇ ਹੁਣ ਇਨ੍ਹਾਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ |
ਬਰਨਾਲਾ, ਭਦੌੜ ਤੇ ਸੰਗਰੂਰ ਤੋਂ ਬਾਅਦ ਕਾਰੋਬਾਰੀਆਂ ਦੇ ਕਿਸਾਨਾਂ ਖ਼ਿਲਾਫ਼ ਗੁੱਸੇ ਦੀ ਚੰਗਿਆੜੀ ਸੁਲਗਦੀ ਹੋਈ ਹੁਣ ਲੁਧਿਆਣਾ ਤਕ ਪਹੁੰਚ ਚੁੱਕੀ ਹੈ। ਕਾਰੋਬਾਰ ’ਚ ਪਏ ਵਿਘਨ ਤੋਂ ਨਿਰਾਸ਼ ਹੋ ਕੇ ਕਾਰੋਬਾਰੀਆਂ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ 10 ਦਿਨਾਂ ਦੇ ਅੰਦਰ ਸ਼ੰਭੂ ਤੋਂ ਧਰਨਾ ਨਾ ਚੁੱਕਿਆ ਤਾਂ ਉਹ ਉਨ੍ਹਾਂ ਵਿਰੁੱਧ ਪੰਜਾਬ ਬੰਦ ਦਾ ਐਲਾਨ ਕਰਨਗੇ।
ਕਾਰੋਬਾਰੀਆਂ ਦਾ ਤਰਕ ਹੈ ਕਿ ਇਕ ਪਾਸੇ ਕਿਸਾਨ ਆਗੂ ਆਪਣੇ ਅੰਦੋਲਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੀ ਗੱਲ ਕਰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਧਰਨੇ ਕਾਰਨ ਕਾਰੋਬਾਰ ਨੂੰ ਹੋ ਰਹੇ ਨੁਕਸਾਨ ‘ਤੇ ਚੁੱਪ ਧਾਰੀ ਬੈਠੇ ਹਨ।
13 ਫਰਵਰੀ ਤੋਂ ਹਰਿਆਣਾ ਦੀ ਸਰਹੱਦ ‘ਤੇ ਪਟਿਆਲਾ ਦੇ ਸ਼ੰਭੂ ਵਿਖੇ ਨੈਸ਼ਨਲ ਹਾਈਵੇਅ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ 17 ਅਪ੍ਰੈਲ ਤੋਂ ਸ਼ੰਭੂ ‘ਚ ਰੇਲਵੇ ਟਰੈਕ ਵੀ ਜਾਮ ਕਰ ਰਹੇ ਹਨ। ਕਿਸਾਨ ਅੰਦੋਲਨ ਕਾਰਨ ਦੂਜੇ ਰਾਜਾਂ ਦੇ ਵਪਾਰੀ ਪੰਜਾਬ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਰਡਰ ਦੇਣ ਤੋਂ ਵੀ ਝਿਜਕ ਰਹੇ ਹਨ।